ਮੱਤੇਵਾਲ, 11 ਅਪ੍ਰੈਲ : ਨੇੜਲੇ ਪਿੰਡ ਰਾਮਦੀਵਾਲੀ ਵਿਖੇ ਨਵੇਂ ਪਾਏ ਜਾ ਰਹੇ ਲੈਂਟਰ ਦੇ ਅਚਾਨਕ ਡਿੱਗ ਜਾਣ ਦੇ ਕਾਰਨ ਮਲਬੇ ਹੇਠ ਦੱਬ ਕੇ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕਾਂ ਦੀ ਪਛਾਣ ਬਲਕਾਰ ਸਿੰਘ ਪੁੱਤਰ ਗੁਲਜ਼ਾਰ ਸਿੰਘ, ਹਰਜਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਦੋਵੇਂ ਵਾਸੀ ਪਿੰਡ ਮੱਤੇਵਾਲ ਕਾਲੋਨੀਆਂ ਤੇ ਜਸਪਾਲ ਸਿੰਘ ਪੁੱਤਰ ਸੋਖਾ ਸਿੰਘ ਵਾਸੀ ਪਿੰਡ ਰਾਮਦੀਵਾਲੀ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੱਤੇਵਾਲ ਦੇ ਐੱਸ. ਐੱਚ.ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਰਾਮਦੀਵਾਲੀ ਵਿਖੇ ਜ਼ਿਮੀਂਦਾਰ ਦੇ ਘਰ ਲੈਂਟਰ ਪਾਉਣ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਹੇਠਾਂ ਨਿਗਰਾਨੀ ਦੌਰਾਨ ਇਕ ਮਿਸਤਰੀ ਤੇ ਦੋ ਮਜ਼ਦੂਰ ਸ਼ਟਰਿੰਗ ਹੇਠਾਂ ਦਿੱਤੀ ਗਈ ਇਕ ਲੱਕੜ ਦੀ ਬੱਲੀ ਨੂੰ ਸਹੀ ਕਰਨ ਲੱਗ ਪਏ, ਪਰ ਮਾੜੀ ਕਿਸਮਤ ਨਾਲ ਬੱਲੀ ਠੀਕ ਕਰਨ ਮੌਕੇ ਸਾਰੀ ਸ਼ਟਰਿੰਗ ਹਿੱਲ ਗਈ ਤੇ ਲੈਂਟਰ ਹੇਠਾਂ ਡਿੱਗ ਗਿਆ। ਇਸ ਹਾਦਸੇ ਦੌਰਾਨ ਮਲਬੇ ਹੇਠਾਂ ਆਉਣ ਨਾਲ ਇਕ ਮਿਸਤਰੀ ਸਮੇਤ ਦੋ ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ।