- ਨਿੱਜੀ ਖੰਡ ਮਿੱਲਾਂ ਨੇ ਵੀ ਕਿਸਾਨਾਂ ਦੀ ਪੇਮੈਂਟ ਜਾਰੀ ਕੀਤੀ
- ਜੇਕਰ ਕਿਸੇ ਕਿਸਾਨ ਨੂੰ ਨਿੱਜੀ ਖੰਡ ਮਿੱਲ ਤੋਂ ਪੇਮੈਂਟ ਨਹੀਂ ਮਿਲੀ ਤਾਂ ਉਹ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰੇ
ਗੁਰਦਾਸਪੁਰ, 8 ਅਗਸਤ : ਪੰਜਾਬ ਸਰਕਾਰ ਵੱਲੋਂ ਗੰਨੇ ਦੀ ਪੀੜਾਈ ਦੀ ਸਾਰੀ ਬਕਾਇਆ ਰਾਸ਼ੀ ਕਿਸਾਨਾਂ ਨੂੰ ਅਦਾ ਕਰ ਦਿੱਤੀ ਗਈ ਹੈ ਅਤੇ ਹੁਣ ਸਹਿਕਾਰੀ ਖੰਡ ਮਿੱਲਾਂ ਦੀ ਕਿਸਾਨਾਂ ਵੱਲ ਕੋਈ ਦੇਣਦਾਰੀ ਬਕਾਇਆ ਨਹੀਂ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਬੀਤੇ ਪੀੜਾਈ ਸੀਜ਼ਨ ਦੌਰਾਨ ਸਹਿਕਾਰੀ ਖੰਡ ਮਿੱਲ ਪਨਿਆੜ ਵੱਲੋਂ 2548771 ਕੁਇੰਟਲ ਗੰਨੇ ਦੀ ਪੀੜਾਈ ਕੀਤੀ ਗਈ ਸੀ ਅਤੇ 9682.78 ਲੱਖ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਗਈ ਹੈ। ਇਸੇ ਤਰਾਂ ਹੀ ਸਹਿਕਾਰੀ ਖੰਡ ਮਿੱਲ ਬਟਾਲਾ ਵੱਲੋਂ 1971609 ਕੁਇੰਟਲ ਗੰਨੇ ਦੀ ਪੀੜਾਈ ਕਰਕੇ 7489.96 ਲੱਖ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਹਿਕਾਰੀ ਖੰਡ ਮਿੱਲਾਂ ਵੱਲੋਂ ਕਿਸਾਨਾਂ ਦੀ ਸਾਰੀ ਬਕਾਇਆ ਰਾਸ਼ੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ ਅਤੇ ਹੁਣ ਕਿਸਾਨਾਂ ਦਾ ਸਹਿਕਾਰੀ ਖੰਡ ਮਿੱਲਾਂ ਵੱਲ ਕੋਈ ਬਕਾਇਆ ਨਹੀਂ ਰਿਹਾ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਗੇ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਦੇ ਨਾਲ ਪ੍ਰਾਈਵੇਟ ਖੰਡ ਮਿੱਲ ਕੀੜ੍ਹੀ ਅਫ਼ਗਾਨਾ, ਮੁਕੇਰੀਆਂ ਅਤੇ ਬੁੱਟਰ ਵੱਲੋਂ ਵੀ ਕਿਸਾਨਾਂ ਦੀ ਬਕਾਇਆ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਅਜੇ ਤੱਕ ਕਿਸੇ ਪ੍ਰਾਈਵੇਟ ਖੰਡ ਮਿੱਲ ਵੱਲੋਂ ਗੰਨੇ ਦੀ ਪੇਮੈਂਟ ਨਹੀਂ ਮਿਲੀ ਤਾਂ ਉਹ ਗੰਨਾ ਵਿਕਾਸ ਅਫ਼ਸਰ ਜਾਂ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਨਾਲ ਸੰਪਰਕ ਕਰ ਸਕਦੇ ਹਨ। ਓਧਰ ਜ਼ਿਲ੍ਹੇ ਦੇ ਕਿਸਾਨਾਂ ਨੇ ਗੰਨੇ ਦੀ ਸਾਰੀ ਅਦਾਇਗੀ ਕਰਨ ਲਈ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਅਤੇ ਸਮੁੱਚੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ। ਕਿਸਾਨ ਸ. ਦਿਲਬਾਗ ਸਿੰਘ ਚੀਮਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਖੰਡ ਮਿੱਲਾਂ ਵੱਲੋਂ ਏਨੀ ਜਲਦੀ ਕਿਸਾਨਾਂ ਦੀ ਸਾਰੀ ਪੈਮੇਂਟ ਜਾਰੀ ਕੀਤੀ ਗਈ ਹੋਵੇ। ਉਨ੍ਹਾਂ ਕਿਹਾ ਕਿ ਖੰਡ ਮਿੱਲਾਂ ਵੱਲੋਂ ਸਮੇਂ ਸਿਰ ਗੰਨੇ ਦੀ ਅਦਾਇਗੀ ਕਰਨ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਹੁਣ ਹੋਰ ਵੀ ਕਿਸਾਨ ਗੰਨੇ ਦੀ ਕਾਸ਼ਤ ਲਈ ਉਤਸ਼ਾਹਤ ਹੋਣਗੇ।