ਅੰਮ੍ਰਿਤਸਰ : ਨਿਹੰਗ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਲਕੱਤਾ ਦੇ ਚਾਂਦਨੀ ਚੌਂਕ ਵਿਖੇ ਸਿੱਖ ਪੱਤਰਕਾਰ ਦੀ ਦਸਤਾਰ ਇਕ ਫਿਰਕੇ ਦੇ ਲੋਕਾਂ ਵਲੋਂ ਪੈਰਾਂ ਹੇਠ ਰੋਲਣ, ਮਪੌਲਣ ਦਾ ਸਖ਼ਤ ਨੋਟਿਸ ਲਿਆ ਹੈ। ਅਤੇ ਇਸ ਘਟਨਾ ਦੀ ਡੁੰਘਾਈ ਤੀਕ ਪੜਤਾਲ ਕਰਨ ਲਈ ਸਿੱਖ ਸੰਸਥਾਵਾਂ ਤੇ ਆਗੂਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਛਾਉਣੀ ਨਿਹੰਗ ਸਿੰਘ ਬੁੱਢਾ ਦਲ ਤੋਂ ਸ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਵਲੋਂ ਜਾਰੀ ਇਕ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪੱਤਰਕਾਰ ਕਿਰਨਜੀਤ ਸਿੰਘ ਤੇ ਜੋ ਜਾਨਲੇਵਾ ਹਮਲਾ ਕੀਤਾ ਗਿਆ ਹੈ ਉਸ ਸਬੰਧੀ ਉਥੋਂ ਦੀ ਸਥਾਨਕ ਸਰਕਾਰ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਘੱਟ ਗਿਣਤੀ ‘ਚ ਰਹੇ ਲੋਕਾਂ ਨੁੂੰ ਬੇਗਾਨਗੀ ਦਾ ਅਹਿਸਾਸ ਕਰਵਾਉਂਦੇ ਹਨ ਅਜਿਹੀ ਘਟਨਾ ਬਰਦਾਸ਼ਤ ਯੋਗ ਨਹੀਂ ਹੈ। ਇਸ ਦੀ ਜਿੰਨੀ ਵੀ ਨਿੰਦਾ ਹੋਵੇ ਥੋੜੀ ਹੈ ਉਨ੍ਹਾਂ ਸਿੱਖ ਸੰਸਥਾਵਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮਾਮਲੇ ਦੀ ਡੁੰਘਾਈ ਤੀਕ ਪੜਤਾਲ ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਹੋਰ ਸਿੱਖ ਨਾਲ ਇਸ ਤਰ੍ਹਾਂ ਦਾ ਵਰਤਾਰਾ ਨਾ ਹੋਵੇ।