- ਜਿ਼ਲ੍ਹਾ ਪ੍ਰ਼ਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਕਮਰਾ ਨੰਬਰ 219 ਵਿੱਚ ਸਥਾਪਤ ਕੀਤਾ ਗਿਆ 24 ਘੰਟੇ ਚੱਲਣ ਵਾਲਾ ਸ਼ਿਕਾਇਤ ਸੈੱਲ
- ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਕਮੇਟੀ ਅਧੀਨ ਚੋਣਾਂ ਨਾਲ ਸਬੰਧਿਤ ਖਬਰਾਂ ਤੇ ਇਸ਼ਤਿਹਾਰਾਂ ‘ਤੇ ਨਜ਼ਰ ਰੱਖਣ ਲਈ ਕਮਰਾ ਨੰਬਰ 212 ਵਿੱਚ ਬਣਾਇਆ ਗਿਆ ਮੀਡੀਆ ਸੈੱਲ
- ਸਿਆਸੀ ਪਾਰਟੀ ਜਾਂ ਵਿਅਕਤੀ ਨੂੰ ਰਾਜਨੀਤਿਕ ਇਕੱਠ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਲੈਣੀ ਹੋਵੇਗੀ ਅਗੇਤੀ ਪ੍ਰਵਾਨਗੀ
ਤਰਨ ਤਾਰਨ, 20 ਮਾਰਚ : ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ 2024 ਦੀ ਤਿਆਰੀ ਦੇ ਸਬੰਧ ਵਿੱਚ ਜਿ਼ਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਮੁਕੰਮਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸੈੱਲਾਂ ਦਾ ਗਠਨ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿ਼ਲ੍ਹੇ ਵਿੱਚ 24 ਘੰਟੇ ਚੱਲਣ ਵਾਲਾ ਸ਼ਿਕਾਇਤ ਸੈੱਲ ਜਿ਼ਲ੍ਹਾ ਪ੍ਰ਼ਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਕਮਰਾ ਨੰਬਰ 219 ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਵਿੱਚ ਸਥਾਪਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਅਧੀਨ ਕੋਈ ਵੀ ਵਿਅਕਤੀ ਨਿੱਜੀ ਤੌਰ ‘ਤੇ ਜਾਂ ਫਿਰ etttn@punjab.gov.in ਈ-ਮੇਲ ਰਾਹੀ ਚੋਣਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਆਪਣੀ ਸਿ਼ਕਾਇਤ ਦਰਜ ਕਰਵਾ ਸਕਦਾ ਹੈ।ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਟੋਲ ਫ੍ਰੀ ਨੰਬਰ 1950, ਲੈਂਡਲਾਈਨ ਨੰਬਰ 01852-224115, 01852-294320 ਅਤੇ ਸੀ-ਵਿਜ਼ਲ ‘ਤੇ ਸਿ਼ਕਾਇਤ ਦਰਜ ਹੋ ਸਕਦੀ ਹੈ।ਜਿ਼ਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਕਿ ਪ੍ਰਾਪਤ ਸਿ਼ਕਾਇਤਾ ਦਾ ਨਿਪਟਾਰਾ ਨਿਰਪੱਖ ਅਤੇ ਤੁਰੰਤ ਕੀਤਾ ਜਾਵੇਗਾ। ਜਿ਼ਲ੍ਹਾ ਚੋਣ ਅਫ਼ਸਰ ਦੱਸਿਆ ਕਿ ਚੋਣ ਜ਼ਾਬਤਾ ਲੱਗਣ ਉਪਰੰਤ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਵਿਅਕਤੀ ਅਗਰ ਰਾਜਨੀਤਿਕ ਇਕੱਠ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੋਂ ਅਗੇਤੀ ਪ੍ਰਵਾਨਗੀ ਲੈਣ ਦੀ ਜ਼ਰੂਰਤ ਹੈ।ਇਸ ਸਬੰਧ ਵਿੱਚ ਜਿ਼ਲ੍ਹਾ ਪੱਧਰ ‘ਤੇ ਕਮਰਾ ਨੰਬਰ 106 ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿੱਚ ਬਣਾਇਆ ਗਿਆ ਹੈ । ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਇਸ ਤੋਂ ਇਲਾਵਾ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਕਮਰਾ ਨੰਬਰ 212 ਵਿੱਚ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਅਧੀਨ ਚੋਣਾਂ ਨਾਲ ਸਬੰਧਿਤ ਖਬਰਾਂ ਤੇ ਇਸ਼ਤਿਹਾਰਾਂ ‘ਤੇ ਨਜ਼ਰ ਰੱਖਣ ਲਈ ਮੀਡੀਆ ਸੈੱਲ ਬਣਾਇਆ ਗਿਆ ਹੈ।ਉਹਨਾਂ ਕਿਹਾ ਕਿ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਇਲੈਕਟ੍ਰੋਨਿਕ ਮੀਡੀਆ ਵਿੱਚ ਇਸ਼ਤਿਹਾਰ ਚਲਾਉਣ ਲਈ ਇਸ ਕਮੇਟੀ ਪਾਸੋਂ ਅਗੇਤੀ ਪਰਮਿਸ਼ਨ ਲੈਣਾ ਵੀ ਲਾਜ਼ਮੀ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਜਿ਼ਲ੍ਹੇ ਦੀਆਂ ਸਮੂਹ ਪ੍ਰਿੰਟਿੰਗ ਪ੍ਰੈਸਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਰ. ਪੀ. ਐਕਟ 1951 ਦੇ ਸੈਕਸ਼ਨ 12ਏ ਦੀ ਪਾਲਣਾ ਕਰਦੇ ਹੋਏ ਪ੍ਰਿੰਟਰ, ਪਬਲਿਸ਼ਰ ਅਤੇ ਕਾਪੀਆਂ ਦੀ ਗਿਣਤੀ ਨਿਰਧਾਰਿਤ ਪ੍ਰੋਫਾਰਮੇ ਵਿੱਚ ਭਰ ਕੇ ਐੱਮ. ਏ. ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਜਮ੍ਹਾਂ ਕਰਵਾਉਣ ਲਈ ਜੁੰਮੇਵਾਰ ਹੋਣਗੇ। ਉਹਨਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਲੋਕ ਸਭਾ ਚੋਣਾਂ-2024 ਦੌਰਾਨ ਵੋਟਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਅਪੀਲ ਕੀਤੀ ਅਤੇ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਹਦਾਇਤ ਕੀਤੀ ।