- ਅਜਨਾਲਾ ਹਲਕੇ ਵਿੱਚ ਵਿੱਢੀ ਸਵੱਛਤਾ ਮੁਹਿੰਮ
ਅਜਨਾਲਾ 24 ਅਗਸਤ 2024 : ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਸ਼ਹਿਰ ਦੇ ਬਾਹਰਵਾਰ ਅੰਬ ਕੋਟਲੀ ਪਿੰਡ ਦੇ ਰਸਤੇ ਉੱਤੇ ਵੀਹਾਂ ਸਾਲਾਂ ਤੋਂ ਲੱਗੇ ਕੂੜੇ ਦੇ ਢੇਰ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅੱਜ ਇੱਥੇ ਮੌਕੇ ਉੱਤੇ ਪਹੁੰਚੇ ਸ ਧਾਲੀਵਾਲ ਨੇ ਦੱਸਿਆ ਕਿ ਕੂੜੇ ਦਾ ਇਹ ਢੇਰ ਜੋ ਕਿ ਇੱਥੇ ਰਹਿਣ ਵਾਲੇ ਲੋਕਾਂ ਲਈ ਵੱਡੀ ਸਿਰਦਰਦੀ ਅਤੇ ਪਰੇਸ਼ਾਨੀ ਦਾ ਕਾਰਨ ਬਣਿਆ ਸੀ, ਨੂੰ ਹੁਣ ਕੁਝ ਹੀ ਦਿਨਾਂ ਵਿੱਚ ਹਟਾ ਦਿੱਤਾ ਜਾਵੇਗਾ । ਉਹਨਾਂ ਦੱਸਿਆ ਕਿ ਇਸ ਕੰਮ ਲਈ ਨਗਰ ਕੌਂਸਲ ਅਜਨਾਲਾ ਵੱਲੋਂ 1. 26 ਕਰੋੜ ਰੁਪਏ ਦੀ ਲਾਗਤ ਨਾਲ ਪ੍ਰੋਜੈਕਟ ਲਗਾਇਆ ਗਿਆ ਹੈ, ਜਿੱਥੇ ਇਸ ਕੂੜੇ ਵਿੱਚੋਂ ਪਲਾਸਟਿਕ ਅਤੇ ਮਿੱਟੀ ਨੂੰ ਵੱਖਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਹੁਣ ਅਸੀਂ ਸ਼ਹਿਰ ਦਾ ਸਾਰਾ ਕੂੜਾ ਗਿੱਲਾ ਅਤੇ ਸੁੱਕਾ ਕੂੜਾ ਵੱਖੋ ਵੱਖਰਾ ਚੁਕਾਂਗੇ ਅਤੇ ਉਸ ਨੂੰ ਵਿਦੇਸ਼ਾਂ ਦੀ ਤਰ੍ਹਾਂ ਮਿੱਟੀ ਵਿੱਚ ਬਦਲ ਕੇ ਇੱਥੇ ਲਿਆਂਦਾ ਜਾਵੇਗਾ, ਜੋ ਕਿ ਬਹੁਤ ਹੀ ਘੱਟ ਮਾਤਰਾ ਵਿੱਚ ਹੋਵੇਗੀ । ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਸਾਫ ਸੁਥਰਾ ਵਾਤਾਵਰਨ ਦੇਣ ਦੀ ਜੋ ਮੁਹਿੰਮ ਵਿੱਢੀ ਹੈ, ਇਹ ਪ੍ਰੋਜੈਕਟ ਉਸ ਮੁਹਿੰਮ ਦਾ ਇੱਕ ਹਿੱਸਾ ਹੈ। ਉਹਨਾਂ ਇਲਾਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਹੁਣ ਅਜਨਾਲਾ ਹਲਕਾ ਦਾ ਹਰੇਕ ਸ਼ਹਿਰ ਅਤੇ ਪਿੰਡ ਸਾਫ ਸੁਥਰਾ ਬਣੇਗਾ ਅਤੇ ਇਸ ਕੰਮ ਲਈ ਸਾਡੀ ਪੂਰੀ ਤਿਆਰੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਵੱਛਤਾ ਦੀ ਇਸ ਮੁਹਿੰਮ ਵਿੱਚ ਸਾਡਾ ਸਾਥ ਦੇਣ। ਉਹਨਾਂ ਕਿਹਾ ਕਿ 20 ਸਾਲਾਂ ਤੋਂ ਇਹ ਸੜਕ ਗੰਦਗੀ , ਬਦਬੋ ਅਤੇ ਅਵਾਰਾ ਕੁੱਤਿਆਂ ਦਾ ਘਰ ਬਣੀ ਪਈ ਸੀ। ਜਿਸ ਨਾਲ ਇੱਥੋਂ ਲੰਘਣ ਵਾਲੇ ਲੋਕਾਂ ਦਾ ਵੀ ਆਉਣਾ ਜਾਣਾ ਦੁੱਭਰ ਹੋਇਆ ਪਿਆ ਸੀ ਅਤੇ ਅੱਜ ਮੈਨੂੰ ਇਸ ਕੰਮ ਦੀ ਸ਼ੁਰੂਆਤ ਕਰਕੇ ਵੱਡੀ ਤਸੱਲੀ ਹੋਈ ਹੈ ਜਿਸ ਦਾ ਨਤੀਜਾ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਵੀ ਵੇਖਣ ਨੂੰ ਮਿਲੇਗਾ।