- ਲੋਕਾਂ ਦੇ ਨਿਗਾਹ ਰੱਖਣ ਲਈ ਚੌਂਕਾਂ ਵਿੱਚ ਲਗਾਏ ਜਾਣਗੇ ਸੀ:ਸੀ:ਟੀ:ਵੀ ਕੈਮਰੇ
ਅੰਮ੍ਰਿਤਸਰ, 14 ਜੂਨ : ਸਮਾਰਟ ਸਿਟੀ ਤਹਿਤ ਸ਼ਹਿਰ ਵਿੱਚ ਕਈ ਤਰ੍ਹਾਂ ਦੇ ਵਿਕਾਸ ਕਾਰਜ ਤੇਜੀ ਨਾਲ ਚੱਲ ਰਹੇ ਹਨ ਅਤੇ ਇਨ੍ਹਾਂ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਵੱਲੋਂ ਪ੍ਰਸਾਸ਼ਨਿਕ ਅਤੇ ਪੁਲਿਸ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸ਼੍ਰੀ ਤਲਵਾੜ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਜਗ੍ਹਾਂ ਤੇ ਵਿਕਾਸ ਕਾਰਜ ਸ਼ੁਰੂ ਹੋਣ ਤੋਂ ਪਹਿਲਾਂ ਟੈ੍ਰਫਿਕ ਪੁਲਿਸ ਨੂੰ ਪਹਿਲਾਂ ਜਰੂਰ ਸੂਚਿਤ ਕੀਤਾ ਜਾਵੇ ਤਾਂ ਜੋ ਆਵਾਜਾਈ ਵਿੱਚ ਵਿਘਨ ਨਾ ਪਵੇ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਸਕੀਮ ਤਹਿਤ 30 ਜੂਨ ਤੱਕ ਸਾਰੇ ਚੌਂਕਾਂ ਵਿੱਚ ਕੈਮਰੇ ਲਗਾ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਟੈ੍ਰਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਆਟੋਮੈਟਿਕ ਸਿਸਟਮ ਲਗਾਇਆ ਜਾ ਰਿਹਾ ਹੈ, ਜੋ ਕਿ ਲੋਕਾਂ ’ਤੇ ਨਿਗਰਾਨੀ ਰੱਖੇਗਾ ਅਤੇ ਰੈਡ ਲਾਈਨ ਜੰਪ ਕਰਨ ਵਾਲੇ ਵਿਅਕਤੀਆਂ ਦੇ ਘਰ ਹੀ ਟੈ੍ਰਫਿਕ ਪੁਲਿਸ ਵੱਲੋਂ ਚਲਾਨ ਭੇਜਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਜੀ:ਟੀ:ਰੋਡ ਤੇ ਸਾਇਨ ਬੋਰਡ ਲਗਾਉਣੇ ਯਕੀਨੀ ਬਣਾਏ ਜਾਣ ਅਤੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਉਨ੍ਹਾਂ ਬੋਰਡਾਂ ਤੇ ਕਿਲੋਮੀਟਰ ਵੀ ਜਰੂਰ ਲਿਖੇ ਹੋਣ ਤਾਂ ਜੋ ਬਾਹਰੋ ਆਉਣ ਵਾਲੇ ਯਾਤਰੂਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜਿੰਨਾਂ ਸੜਕਾਂ ਤੇ ਯੂ ਟਰਨ ਆਉਂਦਾ ਹੈ ਉਥੇ ਖਾਸ ਕਰਕੇ ਸਾਈਨ ਬੋਰਡ ਲੱਗੇ ਹੋਣੇ ਚਾਹੀਦੇ ਹਨ ਤਾਂ ਜੋ ਕਿਸੇ ਕਿਸਮ ਦੀ ਦੁਰਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਪੁਰਾਣੀ ਸਬਜੀ ਮੰਡੀ ਦੀ ਜਮੀਨ ਨੂੰ ਸਮਤਲ ਕਰਕੇ ਇਸ ਨੂੰ ਵਰਤੋਂ ਵਿੱਚ ਲਿਆਂਦਾ ਜਾਵੇ ਅਤੇ ਬੀ:ਆਰ:ਟੀ:ਐਸ ਦੀਆਂ ਜੋ ਗਰਿਲਾਂ ਟੁੱਟੀਆਂ ਹੋਈਆਂ ਨੂੰ ਤੁਰੰਤ ਲਗਾਇਆ ਜਾਵੇ। ਸ੍ਰੀ ਤਲਵਾੜ ਨੇ ਟੈ੍ਰਫਿਕ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਸੜਕਾਂ ਤੇ ਜੈਬਰਾ ਲਾਈਨ ਲਗਾਉਣਾ ਯਕੀਨੀ ਬਣਾਓ ਅਤੇ ਇਸ ਕੰਮ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਬੰਧਤ ਵਿਭਾਗ ਵੱਲੋਂ ਮਾਰਗਦਰਸ਼ਨ ਵੀ ਲਿਆ ਜਾਵੇ। ਉਨਾਂ ਕਿਹਾ ਕਿ ਦੁਬਰਜੀ ਤੋਂ ਲੈ ਕੇ ਇੰਡੀਆ ਗੇਟ ਤੱਕ ਸਾਰੇ ਚੌਂਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀਮਤੀ ਅਮਨਦੀਪ ਕੌਰ, ਡੀ:ਸੀ:ਪੀ ਸ੍ਰ ਪਰਮਿੰਦਰ ਸਿੰਘ ਭੰਡਾਲ, ਮੈਡਮ ਅਮਨਦੀਪ ਕੌਰ, ਐਸ:ਈ ਸੰਦੀਪ ਸਿੰਘ, ਸ੍ਰੀ ਰਾਜੀਵ ਸ਼ਰਦ ਤੋਂ ਇਲਾਵਾ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।