ਬਟਾਲਾ, 27 ਨਵੰਬਰ 2024 : ਸ੍ਰੀ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਅਹਿਮਦੀਆਂ ਮੁਸਲਿਮ ਕਮਿਊਨਿਟੀ, ਕਾਦੀਆਂ ਵਲੋਂ ਸਲਾਨਾ ਜਲਸਾ, ਜੋ 27, 28 ਅਤੇ 29 ਦਸੰਬਰ 2024 ਨੂੰ ਕਾਦੀਆਂ ਵਿਖੇ ਕਰਵਾਇਆ ਜਾ ਰਿਹਾ ਹੈ, ਦੇ ਸਬੰਧ ਵਿਚ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਸਬੰਧੀ ਕਾਦੀਆਂ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸੁਹੇਲ ਕਾਸਿਮ ਮੀਰ, ਐਸ.ਐਸ.ਪੀ ਬਟਾਲਾ, ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਅਤੇ ਵਿਕਰਮਜੀਤ ਸਿੰਘ ਐਸ.ਡੀ.ਐਮ ਬਟਾਲਾ ਵੀ ਮੋਜੂਦ ਸਨ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਪੁਲਿਸ ਅਧਿਕਾਰੀਆਂ ਨੂੰ ਸੁਰੱਖਿਆ ਦੇ ਪ੍ਰਬੰਧ, ਪੀ.ਡਬਲਿਊ.ਡੀ ਵਿਭਾਗ ਨੂੰ ਸੜਕਾਂ ਦੀ ਰਿਪੇਅਰ ਕਰਨ ਸਬੰਧੀ, ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਬਿਜਲੀ ਦੀਆਂ ਤਾਰਾਂ ਠੀਕ ਕਰਨ, ਈ.ਓ ਕਾਦੀਆਂ ਨੂੰ ਸਟਰੀਟ ਲਾਈਟਾਂ ਠੀਕ ਕਰਨ ਸਬੰਧੀ, ਮੰਡੀ ਬੋਰਡ ਨੂੰ ਆਰਜ਼ੀ ਤੋਰ ’ਤੇ ਟਾਇਲਟਸ ਦਾ ਪ੍ਰਬੰਧ ਕਰਨ ਬਾਰੇ, ਸਿਹਤ ਵਿਭਾਗ ਨੂੰ ਮੈਡੀਕਲ ਟੀਮਾਂ ਤੇ ਐਂਬੂਲਸਾਂ ਦਾ ਪ੍ਰਬੰਧ ਕਰਨ ਸਬੰਧੀ, ਬੀਡੀਪੀਓ ਕਾਦੀਆਂ ਨੂੰ ਸੈਲਫ ਹੈਲਪ ਗਰੁੱਪਾਂ ਦਾ ਸਟਾਲ ਲਗਵਾਉਣ ਸਬੰਧੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਾਦੀਆਂ ਵਿਖੇ ਕਰਵਾਏ ਜਾ ਰਹੇ ਤਿੰਨ ਦਿਨਾਂ ਸਲਾਨਾ ਜਲਸੇ ਦੀਆਂ ਤਿਆਰੀਆਂ ਵਿਚ ਕੋਈ ਕਮੀਂ ਨਾ ਰਹਿਣ ਦਿੱਤੀ ਜਾਵੇ। ਇਸ ਮੌਕੇ ਤਹਿਸੀਲਦਾਰ ਬਟਾਲਾ ਜਗਤਾਰ ਸਿੰਘ, ਨਾਇਬ ਤਹਿਸੀਲਦਾਰ ਕਾਦੀਆਂ ਨਿਰਮਲ ਸਿੰਘ, ਡੀ.ਐਫ.ਐਸ.ਸੀ ਸੁਖਜਿੰਦਰ ਸਿੰਘ, ਅਹਿਮਦੀਆ ਮੁਸਲਿਮ ਕਮਊਨਿਟੀ ਦੇ ਜਲਸਾ ਸਾਲਾਨਾ ਅਫਸਰ ਮਖਦੂਮ ਸ਼ਰੀਫ, ਸੈਕਰਟੀ ਜਨਰਲ ਮਾਮਲੇ ਅਤੁਲ ਮੋਮਨ, ਸੈਕਰਟਰੀ ਵਿਦੇਸ਼ੀ ਮਾਮਲੇ ਅਹਸਨ ਗੋਰੀ, ਯੂਥ ਪ੍ਰਧਾਨ ਸ਼ਾਮੀਨ ਗੌਰੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।