ਗੁਰਦਾਸਪੁਰ, 13 ਨਵੰਬਰ 2024 : ਮੁੱਖ ਖੇਤੀਬਾੜੀ ਅਫਸਰ, ਡਾ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਿਲੇ ਵਿੱਚ ਕਣਕ ਦੀ ਬਿਜਾਈ ਜੋਰਾਂ ‘ਤੇ ਹੈ ਅਤੇ ਮੌਸਮ ਵੀ ਕਣਕ ਦੀ ਬਿਜਾਈ ਲਈ ਢੁੱਕਵਾਂ ਹੈ। ਇਸ ਲਈ ਕਿਸਾਨ ਵੀਰ ਕਣਕ ਦੀ ਬਿਜਾਈ ਵਿੱਚ ਡੀ. ਏ. ਪੀ. ਦੀਆਂ ਬਦਲਵੀਆਂ ਖਾਦਾਂ ਜਿਵੇਂ ਕਿ ਸਿੰਗਲ ਸੁਪਰ ਫਾਸਫੇਟ, ਟਰੀਪਲ ਸੁਪਰ ਫਾਸਫੇਟ, ਐਨ.ਪੀ.ਕੇ ਦੀ ਵਰਤੋਂ ਕਰਕੇ ਕਣਕ ਦੀ ਸਮੇਂ ਸਿਰ ਬਿਜਾਈ ਕਰਨ। ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਡੀ. ਏ. ਪੀ. ਦੀਆਂ ਬਦਲਵੀਆਂ ਖਾਦਾਂ ਵਿੱਚ ਫਾਸਫੋਰਸ ਦੇ ਨਾਲ-ਨਾਲ ਹੋਰ ਵੀ ਜ਼ਰੂਰੀ ਤੱਤ ਹੁੰਦੇ ਹਨ, ਜੋ ਕਿ ਫਸਲਾਂ ਲਈ ਬਹੁਤ ਜ਼ਰੂਰੀ ਹੁੰਦੇ ਹਨ। ਉਦਾਹਰਨ ਦੇ ਤੌਰ ਤੇ ੳੇੁਨਾਂ ਦੱਸਿਆ ਕਿ ਡੀ. ਏ. ਪੀ ਵਿੱਚ 18 ਕਿਲੋਗ੍ਰਾਮ ਨਾਈਟਰੋਜਨ ਅਤੇ 46 ਕਿਲੋਗ੍ਰਾਮ ਫਾਸਫੋਰਸ ਕੁਇੰਟਲ ਪਿੱਛੇ ਹੁੰਦੀ ਹੈ, ਡੀ. ਏ. ਪੀ. ਦੀ ਬਦਲਵੀਂ ਖਾਦ ਸਿੰਗਲ ਸੁਪਰ ਫਾਸਫੇਟ ਵਿੱਚ 16 ਕਿਲੋਗ੍ਰਾਮ ਫਾਸਫੋਰਸ, 18 ਕਿਲੋਗ੍ਰਾਮ ਕੈਲਸ਼ੀਅਮ ਅਤੇ 12 ਕਿਲੋਗ੍ਰਾਮ ਸਲਫਰ ਤੱਤ ਹੁੰਦੇ ਹਨ ਜੋ ਕਿ ਫਸਲਾਂ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੌਦੇ ਦੇ ਵਾਧੇ ਲਈ ਕੁੱਲ 17 ਵੱਡੇ ਅਤੇ ਛੋਟੇ ਤੱਤ ਜ਼ਰੂਰੀ ਹੁੰਦੇ ਹਨ। ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕਰਨ ਨਾਲ ਇੱਕ ਖਾਦ ਵਿੱਚੋਂ 3 ਜ਼ਰੂਰੀ ਤੱਤ ਮਿਲ਼ ਰਹੇ ਹਨ।ਇਹ ਖਾਦਾਂ ਮਾਰਕੀਟ ਵਿੱਚ ਉਪਲੱਬਧ ਹਨ, ਇਸ ਲਈ ਕਿਸਾਨ ਵੀਰ ਸਿੰਗਲ ਸੁਪਰ ਫਾਸਫੇਟ, ਟਰੀਪਲ ਸੁਪਰ ਫਾਸਫੇਟ (0:46:0) ਨਾਲ 15-20 ਕਿਲੋ ਯੂਰੀਆ ਦੀ ਬਿਜਾਈ ਵੇਲੇ ਅਤੇ ਐਨ. ਪੀ. ਕੇ (12:32:16), (10:26:26) ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕਰ ਸਕਦੇ ਹਨ।