ਗੁਰਦਾਸਪੁਰ, 3 ਜੁਲਾਈ 2024 : ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਪਸ਼ੂ ਪਾਲਕਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਮੁਫ਼ਤ ਡੇਅਰੀ ਸਿਖਲਾਈ ਕੋਰਸ 15 ਜੁਲਾਈ 2024 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਵਰਿਆਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਅਧੀਨ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਦੋ ਹਫ਼ਤੇ ਦੀ ਮੁਫ਼ਤ ਡੇਅਰੀ ਸਿਖਲਾਈ ਦੇ ਨਾਲ-ਨਾਲ ਸਫਲਤਾਪੂਰਵਕ ਟਰੇਨਿੰਗ ਕਰਨ ਉਪਰੰਤ 3500 ਰੁਪਏ ਵਜ਼ੀਫ਼ਾ ਅਤੇ ਡੇਅਰੀ ਨਾਲ ਸਬੰਧਿਤ ਲਿਟਰੇਚਰ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਲਾਭਪਾਤਰੀਆਂ ਦੀ ਕੌਂਸਲਿੰਗ ਮਿਤੀ 08 ਜੁਲਾਈ 2024 ਨੂੰ ਸਵੇਰੇ 10:00 ਵਜੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਗੁਰਦਾਸਪੁਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਲਾਕ-ਬੀ, ਚੌਥੀ ਮੰਜ਼ਿਲ, ਕਮਰਾ ਨੰਬਰ 508 ਵਿਖੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਲੜਕੇ/ਵਿਆਹੀਆਂ ਲੜਕੀਆਂ ਜਿਨਾਂ ਦੀ ਉਮਰ 18 ਤੋਂ 50 ਸਾਲ ਦਰਮਿਆਨ ਹੋਵੇ, ਪਿੰਡ ਦਾ ਵਸਨੀਕ ਹੋਵੇ, ਆਪਣਾ ਅਨੁਸੂਚਿਤ ਜਾਤੀ ਨਾਲ ਸਬੰਧਿਤ ਸਰਟੀਫਿਕੇਟ ਸਮੇਤ ਪਾਸਪੋਰਟ ਸਾਈਜ਼ ਫ਼ੋਟੋ, ਘੱਟੋ-ਘੱਟ ਪੰਜਵੀਂ ਪਾਸ ਦਾ ਤਸਦੀਕਸ਼ੁਦਾ ਯੋਗਤਾ ਸਰਟੀਫਿਕੇਟ, ਆਧਾਰ ਕਾਰਡ ਨਾਲ ਲੈ ਕੇ ਦਫ਼ਤਰ ਵਿਖੇ ਹਾਜ਼ਰ ਹੋਣ। ਉਨ੍ਹਾਂ ਕਿਹਾ ਕਿ ਚੁਣੇ ਗਏ ਲਾਭਪਾਤਰੀਆਂ ਨੂੰ ਡੇਅਰੀ ਸਿਖਲਾਈ ਸੈਂਟਰ, ਵੇਰਕਾ (ਅੰਮ੍ਰਿਤਸਰ) ਵਿਖੇ ਸਿਖਲਾਈ ਦਿੱਤੀ ਜਾਵੇਗੀ ਅਤੇ ਪਸ਼ੂਆਂ ਦਾ ਡੇਅਰੀ ਯੂਨਿਟ ਸਥਾਪਿਤ ਕਰਨ ਉਪਰੰਤ ਲਾਭਪਾਤਰੀਆਂ ਨੂੰ ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 80548—00880 ਅਤੇ 75089—73471 'ਤੇ ਸੰਪਰਕ ਕੀਤਾ ਜਾ ਸਕਦਾ ਹੈ।