ਗੁਰਦਾਸਪੁਰ, 2 ਅਕਤੂਬਰ 2022 : ਗੁਰਦਾਸਪੁਰ ਦੇ ਨਜ਼ਦੀਕੀ ਗੁਰਦੁਆਰਾ ਤਪਅਸਥਾਨ ਸਾਹਿਬ ਮਲਕਪੁਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਅਤੇ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲੇ ਅਤੇ ਸੰਤ ਬਾਪੂ ਸੰਪੂਰਨ ਸਿੰਘ ਜੀ ਮਲਕਪੁਰ ਵਾਲਿਆਂਦੀ ਨਿੱਘੀ ਮਿੱਠੀ ਯਾਦ ਵਿਚ ਕਰਵਾਏ ਜਾ ਰਹੇ 2 ਰੋਜ਼ਾ ਗੁਰਮਤਿ ਸਮਾਗਮ ਆਰੰਭ ਹੋਏ। ਚਲ ਰਹੇ ਇਹਨਾਂ ਧਾਰਮਿਕ ਸਮਾਗਮ ਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ਤੇ ਪਹੁੰਚੇ। ਉੱਥੇ ਹੀ ਉਹਨਾਂ ਦੇ ਨਾਲ ਹੋਰਨਾਂ ਸ਼੍ਰੋਮਣੀ ਕਮੇਟੀ ਮੈਂਬਰ ਵੀ ਇਸ ਧਾਰਮਿਕ ਸਮਾਗਮ ਚ ਨਤਮਸਤਕ ਹੋਏ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਨੂੰ ਸਮਰਪਤ ਅਤੇ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾਂ ਵਾਲੇ ਤੇ ਬਾਪੂ ਸੰਤ ਸੰਪੂਰਨ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਪਰਦਾਇ ਮਲਕਪੁਰ ਵੱਲੋਂ ਸੰਗਤਾਂ ਨੂੰ ਫੋਕੇ ਵਹਿਮਾਂ ਭਰਮਾਂ, ਪਤਿੱਤਪੁਣੇ ਤੋਂ ਬਚਾ ਕੇ ਸਿੱਖੀ ਨਾਲ ਜੋੜਨ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਕੀਤੇ ਜਾ ਰਹੇ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ।ਉਥੇ ਹੀ ਉਹਨਾਂ ਸਿੱਖ ਕੌਮ ਤੇ ਪੰਜਾਬ ਨਾਲ ਜੁੜੇ ਕਈ ਮੁਦਿਆਂ ਤੇ ਚਿੰਤਾ ਜਾਹਿਰ ਕਰਦੇ ਕਿਹਾ ਕਿ ਅੱਜ ਰਾਜਨੀਤਿਕ ਪਾਰਟੀਆਂ ਮੁੜ ਤੋਂ ਸਿੱਖਾਂ ਚ ਭਰਾ ਮਾਰੂ ਜੰਗ ਖੜੀ ਕਰ ਰਹੇ ਹਨ ਸਿੱਖ ਕੌਮ ਨੇ ਜੋ ਗੁੰਝਲਾ 100 ਸਾਲ ਪਹਿਲਾਂ ਕੱਢੀਆਂ ਸੀ ਉਹ ਮੁੜ ਤੋਂ ਪਾਈਆਂ ਜਾ ਰਹੀਆਂ ਹਨ ਜਿਸ ਲਈ ਅੱਜ ਸਿੱਖ ਕੌਮ ਨੂੰ ਸਮਝਣਾ ਹੋਵੇਗਾ | ਇਸ ਦੇ ਨਾਲ ਹੀ ਅਮ੍ਰਿਤਪਾਲ ਸਿੰਘ ਦੇ ਬਾਰੇ ਪੁੱਛੇ ਸਵਾਲ ਤੇ ਉਹਨਾਂ ਕਿਹਾ ਕਿ ਜੋ ਅੰਮ੍ਰਿਤ ਛੱਕ ਰਿਹਾ ਹੈ ਅਤੇ ਲੋਕਾਂ ਨੂੰ ਪ੍ਰੇਰਨਾ ਦੇ ਰਿਹਾ ਹੈ ਉਸ ਨੂੰ ਲੈਕੇ ਉਹ ਉਸ ਦੀ ਸ਼ਲਾਘਾ ਕਰਦੇ ਹਨ ਲੇਕਿਨ ਅਮ੍ਰਿਤਪਾਲ ਦੀ ਦਸਤਾਰਬੰਦੀ ਅਤੇ ਜਥੇਬੰਦੀ ਵਾਰਿਸ ਪੰਜਾਬ ਦੇ ਤੇ ਕੋਈ ਟਿਪਣੀ ਨਹੀਂ ਕਰਾਂਗਾ |