- ਐਸਪੀਰੇਸ਼ਨਲ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਤਹਿਤ ਮਹੱਤਵਪੂਰਨ 6 ਪਹਿਲੂਆਂ ਦੇ ਟੀਚਿਆਂ ਨੂੰ ਸੌ ਫ਼ੀਸਦੀ ਪੂਰਾ ਕੀਤਾ ਜਾਵੇਗਾ - ਡੀ.ਡੀ.ਪੀ.ਓ. ਸਤੀਸ਼ ਕੁਮਾਰ
- ਸੰਪੂਰਨਤਾ ਅਭਿਆਨ ਤਹਿਤ ਦੂਸਰਾ ਪ੍ਰੋਗਰਾਮ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਕਲਾਨੌਰ ਵਿਖੇ 5 ਜੁਲਾਈ ਨੂੰ
ਡੇਰਾ ਬਾਬਾ ਨਾਨਕ/ਗੁਰਦਾਸਪੁਰ, 04 ਜੁਲਾਈ 2024 : ਨੀਤੀ ਆਯੋਗ ਵੱਲੋਂ ਚਲਾਏ ਜਾ ਰਹੇ ਸੰਪੂਰਨਤਾ ਅਭਿਆਨ ਦੀ ਅੱਜ ਡੇਰਾ ਬਾਬਾ ਨਾਨਕ ਤੋਂ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਸੰਪੂਰਨਤਾ ਅਭਿਆਨ ਦੀ ਸ਼ੁਰੂਆਤ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਡੇਰਾ ਬਾਬਾ ਨਾਨਕ ਵਿਖੇ ਡੀ.ਡੀ.ਪੀ.ਓ. ਸ੍ਰੀ ਸਤੀਸ਼ ਕੁਮਾਰ ਅਤੇ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਸ. ਹਰਦੀਪ ਸਿੰਘ ਵੱਲੋਂ ਕੀਤੀ ਗਈ। ਸੰਪੂਰਨਤਾ ਅਭਿਆਨ ਦੇ ਉਦਘਾਟਨ ਮੌਕੇ ਡੀ.ਡੀ.ਪੀ.ਓ. ਸ੍ਰੀ ਸਤੀਸ਼ ਕੁਮਾਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਐਸਪੀਰੇਸ਼ਨਲ ਜ਼ਿਲ੍ਹਾ ਅਤੇ ਬਲਾਕ ਪ੍ਰੋਗਰਾਮ ਤਹਿਤ ਵੱਖ-ਵੱਖ ਮਾਪਦੰਡਾਂ ਵਿੱਚ ਪਛੜ ਰਹੇ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਐਸਪੀਰੇਸ਼ਨਲ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਦੋ ਬਲਾਕਾਂ ਡੇਰਾ ਬਾਬਾ ਨਾਨਕ ਅਤੇ ਕਲਾਨੌਰ ਦੀ ਚੋਣ ਕੀਤੀ ਗਈ ਹੈ ਜਿੱਥੇ 4 ਜੁਲਾਈ ਤੋਂ 30 ਸਤੰਬਰ 2024 ਤੱਕ ਸੰਪੂਰਨਤਾ ਅਭਿਆਨ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਐਸਪੀਰੇਸ਼ਨਲ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਤਹਿਤ ਮਹੱਤਵਪੂਰਨ 6 ਪਹਿਲੂਆਂ ਜਿਨ੍ਹਾਂ ਵਿੱਚ ਸਿਹਤ, ਪੋਸ਼ਣ, ਖੇਤੀਬਾੜੀ, ਸਿੱਖਿਆ, ਸਮਾਜਿਕ ਤਰੱਕੀ ਆਦਿ ਸ਼ਾਮਿਲ ਦੇ ਟੀਚਿਆਂ ਨੂੰ ਸੌ ਫ਼ੀਸਦੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਸ. ਹਰਦੀਪ ਸਿੰਘ ਨੇ ਕਿਹਾ ਕਿ ਬਲਾਕ ਡੇਰਾ ਬਾਬਾ ਨਾਨਕ ਵਿੱਚ ਸੰਪੂਰਨਤਾ ਅਭਿਆਨ ਦੇ ਟੀਚਿਆਂ ਨੂੰ ਪੂਰਾ ਕੀਤਾ ਜਾਵੇਗਾ। ਸੰਪੂਰਨਤਾ ਅਭਿਆਨ ਤਹਿਤ ਅੱਜ ਡੇਰਾ ਬਾਬਾ ਨਾਨਕ ਵਿਖੇ ਸਕੂਲੀ ਵਿਦਿਆਰਥੀਆਂ ਵੱਲੋਂ ਸੰਪੂਰਨਤਾ ਯਾਤਰਾ ਕੱਢੀ ਗਈ। ਇਸ ਦੌਰਾਨ ਵਿਦਿਆਰਥੀਆਂ ਦੇ ਰੰਗੋਲੀ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਤੌਰ 'ਤੇ ਮੁਫ਼ਤ ਹੈਲਥ ਕੈਂਪ ਲਗਾਇਆ ਗਿਆ ਅਤੇ ਬਿਮਾਰੀਆਂ ਤੋਂ ਬਚਣ ਲਈ ਜਾਗਰੂਕਤਾ ਪੈਂਫ਼ਲਿਟ ਵੰਡੇ ਗਏ। ਇਸ ਤੋਂ ਇਲਾਵਾ ਹੈਲਥੀ ਫੂਡ ਰੈਸਪੀ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਡਾਈਟ ਕਾਊਂਸਲਿੰਗ ਕੀਤੀ ਗਈ। ਖੇਤੀਬਾੜੀ ਵਿਭਾਗ ਵੱਲੋਂ ਮਿੱਟੀ ਪਰਖ ਦੇ ਸੈਂਪਲ ਲਏ ਗਏ ਅਤੇ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਸੁਧਾਰ ਬਾਰੇ ਦੱਸਿਆ ਗਿਆ। ਇਸ ਮੌਕੇ ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤੇ ਸਮਾਨ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਸੰਪੂਰਨਤਾ ਅਭਿਆਨ ਤਹਿਤ ਦੂਸਰਾ ਪ੍ਰੋਗਰਾਮ 5 ਜੁਲਾਈ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਕਲਾਨੌਰ ਵਿਖੇ ਕੀਤਾ ਜਾਵੇਗਾ। ਇਸ ਮੌਕੇ ਨਾਇਬ ਤਹਿਸੀਲਦਾਰ ਅਰਮਾਨ ਦੀਪ ਸਿੰਘ, ਸੰਜੀਵ ਕੁਮਾਰ ਵਿੱਤੀ ਆਯੋਗ, ਬੀ.ਡੀ.ਪੀ.ਓ ਮੈਡਮ ਜਸਬੀਰ ਕੌਰ, ਜ਼ਿਲ੍ਹਾ ਕੋਆਰਡੀਨੇਟਰ ਮੈਡਮ ਅਰੁਨਦੀਪ ਕੌਰ, ਬੀ.ਪੀ.ਈ.ਓ. ਡੇਰਾ ਬਾਬਾ ਨਾਨਕ 1 ਭਾਰਤ ਰਤਨ, ਬੀ.ਪੀ.ਈ.ਓ ਡੇਰਾ ਬਾਬਾ ਨਾਨਕ 2 ਸੁਦੇਸ਼ ਖੰਨਾ, ਏ.ਡੀ.ਓ. ਵਿਸ਼ਾਲ ਕੁੰਦਰਾ, ਪ੍ਰਿੰਸੀਪਲ ਬਿਕਰਮ ਸਿੰਘ ਚਾਹਲ, ਡਾ. ਸੁਪ੍ਰੀਤ ਕੌਰ, ਖੇਤੀਬਾੜੀ ਵਿਸਥਾਰ ਅਫ਼ਸਰ ਤਰਲੋਚਨ ਸਿੰਘ, ਮਾਸਟਰ ਪਲਵਿੰਦਰ ਸਿੰਘ, ਮਨਮੋਹਨ ਸਿੰਘ ਭੱਟੀ, ਦੀਪਕ ਨਈਅਰ, ਪ੍ਰਭਜੋਤ ਕੌਰ, ਗੌਰਵ ਸਮੇਤ ਇਲਾਵਾ ਵੱਖ -ਵੱਖ ਵਿਭਾਗਾਂ ਦੇ ਕਰਮਚਾਰੀਆਂ ਵੀ ਹਾਜ਼ਰ ਸਨ ।