- ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ’ਤੇ 9,10, 23 ਤੇ 24 ਨਵੰਬਰ ਨੂੰ ਬੂਥ ਲੈਵਲ ਅਫ਼ਸਰਾਂ ਵੱਲੋਂ ਸਪੈਸ਼ਲ ਕੈਂਪਾਂ ਦੌਰਾਨ ਪ੍ਰਾਪਤ ਕੀਤੇ ਜਾਣਗੇ ਫਾਰਮ
ਤਰਨ ਤਾਰਨ, 30 ਅਕਤੂਬਰ 2024 : ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ-2025 ਸਬੰਧੀ ਜਾਰੀ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ’ਤੇ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਗਈ। ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸੀ੍ ਰਾਜਦੀਪ ਸਿੰਘ ਬਰਾੜ ਨੇ ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ/ਵਿਧਾਨ ਸਭਾ ਚੋਣ ਹਲਕਿਆਂ ਦੀ ਫੋਟੋ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਤੋਂ ਰਹਿ ਗਏ ਯੋਗ ਵੋਟਰਾਂ ਲਈ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ-2025 ਸਬੰਧੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ, ਜਿਸ ਤਹਿਤ 28 ਨਵੰਬਰ 2024 ਤੱਕ ਵੋਟਰ ਸੂਚੀ ਵਿੱਚ ਦਰਜ ਇੰਦਰਾਜਾਂ ਪ੍ਰਤੀ ਦਾਅਵੇ ਅਤੇ ਇਤਰਾਜ਼ਾਂ ਦੇ ਫਾਰਮ ਸਮੂਹ ਬੂਥ ਲੈਵਲ ਅਫ਼ਸਰਾਂ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ/ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਦਫ਼ਤਰ ਵਿਖੇ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 01 ਜਨਵਰੀ 2025 ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯੋਗ ਵੋਟਰ, ਜਿਨ੍ਹਾਂ ਦਾ ਨਾਮ ਭਾਰਤ ਵਿੱਚ ਕਿਸੇ ਵੀ ਸਥਾਨ ਦੀ ਵੋਟਰ ਸੂਚੀ ਵਿੱਚ ਪਹਿਲਾਂ ਦਰਜ ਨਹੀਂ ਹੈ ਤਾਂ ਉਹ ਆਪਣਾ ਨਾਮ ਦਰਜ ਕਰਵਾਉਣ ਲਈ ਨਿਰਧਾਰਿਤ ਫਾਰਮ ਵਿੱਚ ਦਾਅਵਾ ਪੇਸ਼ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ਼ ਦਾਖਲ ਕਰਨ ਲਈ ਲੋੜੀਂਦੇ ਫਾਰਮ ਸਮੂਹ ਪੋਲਿੰਗ ਸਟੇਸ਼ਨਾਂ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ/ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰਾਂ ਵਿਖੇ ਵੋਟਰਾਂ ਦੀ ਸਹੂਲਤ ਲਈ ਮੁਫ਼ਤ ਉਪਲਬੱਧ ਹੋਣਗੇ ਅਤੇ ਫਾਰਮ ਭਰਨ ਵਿੱਚ ਸਹਾਇਤਾ ਕਰਨ ਲਈ ਵੀ ਬੂਥ ਲੈਵਲ ਅਫ਼ਸਰਾਂ ਵੱਲੋਂ ਮੱਦਦ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ਼ ਮੁਹਿੰਮ ਤਹਿਤ 9 ਨਵੰਬਰ ਦਿਨ ਸ਼ਨੀਵਾਰ, 10 ਨਵੰਬਰ ਦਿਨ ਐਤਵਾਰ ਅਤੇ 23 ਨਵੰਬਰ ਸ਼ਨੀਵਾਰ ਅਤੇ 24 ਨਵੰਬਰ 2024 ਦਿਨ ਐਤਵਾਰ ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ’ਤੇ ਬੂਥ ਲੈਵਲ ਅਫ਼ਸਰ ਦਾਅਵੇ ਅਤੇ ਇਤਰਾਜ਼ਾਂ ਦੇ ਫਾਰਮ ਪ੍ਰਾਪਤ ਕਰਨਗੇ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਲਈ ਫਾਰਮ ਨੰਬਰ 6, ਵੋਟਰ ਸੂਚੀ ਵਿੱਚ ਨਾਮ ਤੇ ਇਤਰਾਜ ਜਾਂ ਪਹਿਲਾਂ ਤੋਂ ਦਰਜ ਇੰਦਰਾਜ ਦੀ ਕਟੌਤੀ ਲਈ ਫਾਰਮ 7, ਵੋਂਟਰ ਸੂਚੀ ਵਿੱਚ ਦਰਜ ਇੰਦਰਾਜਾਂ ਦੀ ਦਰੁੱਸਤੀ ਅਤੇ ਇੰਦਰਾਜਾਂ ਦੀ ਅਦਲਾ-ਬਦਲੀ , ਪੀ.ਡਬਲਿਓ.ਡੀ. ਮਾਰਕਿੰਗ ਲਈ, ਡੁਪਲੀਕੇਟ ਵੋਟਰ ਕਾਰਡ ਲੈਣ ਲਈ ਫਾਰਮ ਨੰਬਰ 8 ਭਰਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਫਾਰਮ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਵੋਟਰ ਸਰਵਿਸਜ਼ ਪੋਰਟਲ https://voters.eci.gov.in/ ਤੋਂ ਆਨਲਾਈਨ ਵੀ ਭਰੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਵਲੋਂ ਇੱਕ ਮੋਬਾਈਲ ਐਪਲੀਕੇਸ਼ਨ ਵੀ ਜਾਰੀ ਕੀਤੀ ਗਈ ਹੈ ਜਿਸ ਰਾਹੀਂ ਬਿਨੈਕਾਰ ਆਪਣੇ ਮੋਬਾਇਲ ਵਿੱਚ ਐਪ ਇੰਸਟਾਲ ਕਰਨ ਉਪਰੰਤ ਮੋਬਾਇਲ ਤੋਂ ਵੀ ਆਪਣਾ ਫਾਰਮ ਭਰ ਸਕਦੇ ਹਨ ਜੋ ਕਿ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਡੈਟਾ ਐਂਟਰੀ ਸਾਫਟਵੇਅਰ ਨਾਲ ਲਿੰਕ ਹੋਵੇਗਾ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਦੱਸਿਆ ਕਿ ਵੋਟਰ ਸੂਚੀ ਮੁੱਖ ਚੋਣ ਅਫ਼ਸਰ, ਪੰਜਾਬ ਦੀ ਆਫ਼ੀਸ਼ੀਅਲ ਵੈਬਸਾਈਟ www.ceopunjab.nic.in ਅਤੇ ਭਾਰਤ ਚੋਣ ਕਮਿਸ਼ਨਰ ਨਵੀਂ ਦਿੱਲੀ ਦੀ ਆਫੀਸ਼ੀਅਲ ਵੈਬਸਾਈਟ www.eci.nic.in ’ਤੇ ਵੀ ਆਨਲਾਈਨ ਦੇਖੀ ਜਾ ਸਕਦੀ ਹੈ ਤੇ ਇਸ ਤੋਂ ਵੇਰਵਿਆਂ ਦੀ ਖੋਜ ਕਰਨ ਤੋਂ ਇਲਾਵਾ ਹਰ ਤਰ੍ਹਾਂ ਦੇ ਫਾਰਮ ਡਾਊਨਲੋਡ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਫਾਰਮ ਆਨਲਾਈਨ ਭਰੇ ਜਾ ਸਕਦੇ ਹਨ ਅਤੇ ਮਿਤੀ ਅੰਤ ਤੱਕ ਫਾਈਲ ਹੋਏ ਫਾਰਮਾਂ ਦੀ ਮੌਜੂਦਾ ਸਥਿਤੀ ਚੈਕ ਕੀਤੀ ਜਾ ਸਕਦੀ ਹੈ ਤੇ ਕੋਈ ਵੀ ਵਿਅਕਤੀ ਆਪਣੇ ਚੋਣ ਖੇਤਰ, ਪੋਲਿੰਗ ਸਟੇਸ਼ਨ, ਭਵਨ ਅਤੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ, ਬੂਥ ਲੈਵਲ ਅਫ਼ਸਰ ਦੇ ਵੇਰਵੇ ਪਤਾ ਕਰ ਸਕਦਾ ਹੈ। ਉਨ੍ਹਾਂ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਵਿੱਚ ਯੋਗ ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚ ਦਰਜ ਕਰਵਾਉਣ ਲਈ ਇਸ ਵਿਸ਼ੇਸ਼ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਚੋਣ ਤਹਿਸੀਲਦਾਰ ਸੀ੍ ਇੰਦਰਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ|