ਗੁਰਦਾਸਪੁਰ, 27 ਮਈ : ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਗੁਰਦਾਸਪੁਰ ਦੀਆਂ 12ਵੀਂ ਜਮਾਤ ਦੇ ਨਤੀਜਿਆਂ ’ਚ ਮੈਰਿਟ ਵਿੱਚ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ। ਸਕੂਲ ਦੀਆਂ ਵਿਦਿਆਰਥਣਾਂ ਵਿੱਚੋਂ 12ਵੀਂ ਦੇ ਨਾਨ ਮੈਡੀਕਲ ਗਰੁੱਪ ਵਿੱਚੋਂ ਰਵਨੀਤ ਕੌਰ ਨੇ 500 ਅੰਕਾਂ ਵਿਚੋਂ 485 ਅੰਕ ਲੈ ਕੇ ਸੂਬੇ ਭਰ ਵਿਚੋਂ 15ਵਾਂ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਸਾਨੀਆ ਮਹਾਜਨ ਅਤੇ ਰੂਬੀ ਕੌਰ ਨੇ ਵੀ ਨਾਨ ਮੈਡੀਕਲ ਗਰੁੱਪ ਵਿੱਚ 479 ਅੰਕ ਹਾਸਲ ਕੀਤੇ ਹਨ ਜਦਕਿ ਕਮਰਸ ਗਰੁੱਪ ਵਿਚ ਮਹਿਕ ਨੇ 475, ਆਰਟਸ ਗਰੁੱਪ ਵਿਚ ਕਿਰਨਦੀਪ ਕੌਰ ਨੇ 472 ਅਤੇ ਵੋਕੇਸ਼ਨਲ ਗਰੁੱਪ ਵਿੱਚ ਭਾਰਤੀ ਠਾਕੁਰ ਨੇ 456 ਅੰਕ ਹਾਸਲ ਕਰਕੇ ਸਟੇਟ ਮੈਰਿਟ ਵਿੱਚ ਸਥਾਨ ਹਾਸਲ ਕੀਤਾ ਹੈ। ਚੇਅਰਮੈਨ ਰਮਨ ਬਹਿਲ ਵੱਲੋਂ ਮੈਰਿਟ ਵਿੱਚ ਆਈਆਂ ਸਾਰੀਆਂ ਵਿਦਿਆਰਥਣਾਂ ਨੂੰ ਸਨਾਮਨਤ ਕੀਤਾ ਗਿਆ ਅਤੇ ਸਟੇਟ ਲੈਵਲ ’ਤੇ 15ਵਾਂ ਸਥਾਨ ਹਾਸਲ ਕਰਨ ਵਾਲੀ ਰਵਨੀਤ ਕੌਰ ਨੂੰ ਸ੍ਰੀ ਬਹਿਲ ਨੇ ਆਪਣੇ ਕੋਲੋਂ 5100 ਰੁਪਏ ਦਾ ਨਕਦ ਇਨਾਮ ਦੇ ਕੇ ਉਸਦੀ ਹੌਂਸਲਾ ਅਫ਼ਜਾਈ ਕੀਤੀ। ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਸੁਧਾਰਾਂ ਦੇ ਸਦਕਾ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਬੇਹਤਰ ਹੋਇਆ ਹੈ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਇਮਤਿਹਾਨਾਂ ਵਿੱਚ ਮੱਲਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੀਆਂ ਧੀਆਂ ਨੇ ਸਟੇਟ ਮੈਰਿਟ ਵਿੱਚ ਥਾਂ ਬਣਾ ਕੇ ਆਪਣੇ ਸਕੂਲ, ਜ਼ਿਲ੍ਹੇ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਵਿਦਿਆਰਥਣਾਂ ਦੇ ਬੇਹਤਰ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਰੱਬ ਕਰੇ ਸਾਡੀਆਂ ਧੀਆਂ ਜ਼ਿੰਦਗੀ ਵਿੱਚ ਹਰ ਉੱਚੇ ਮੁਕਾਮ ਨੂੰ ਹਾਸਲ ਕਰਨ। ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਇਹ ਯਤਨ ਕਰ ਰਹੀ ਹੈ ਕਿ ਆਪਣੇ ਯੂਥ ਨੂੰ ਸਿੱਖਿਅਤ ਅਤੇ ਹੁਨਰਮੰਦ ਕਰਕੇ ਇਸ ਯੋਗ ਬਣਾਈਏ ਕਿ ਉਹ ਰੋਜ਼ਗਾਰ ਦੇਣ ਵਾਲੇ ਬਣਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਸਕੂਲ ਆਫ ਐਮੀਂਨੈਂਸ ਖੋਲ੍ਹ ਕੇ ਸਿੱਖਿਆ ਸੁਧਾਰਾਂ ਵਿੱਚ ਇੱਕ ਹੋਰ ਨਵੀਂ ਕ੍ਰਾਂਤੀ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸ਼ਹਿਰ ਦੇ ਐਮੀਨੈਂਸ ਸਕੂਲ ਨੂੰ ਕੋ-ਐਡ ਕੀਤਾ ਗਿਆ ਹੈ ਤਾਂ ਜੋ ਇਥੇ ਹੁਣ ਲੜਕਿਆਂ ਦੇ ਨਾਲ ਲੜਕੀਆਂ ਵੀ ਸਿੱਖਿਆ ਗ੍ਰਹਿਣ ਕਰ ਸਕਣਗੀਆਂ।
ਇਸ ਮੌਕੇ ਸਕੂਲ ਦੇ ਪ੍ਰਿਸੀਪਲ ਸ੍ਰੀ ਰਾਜੀਵ ਮਹਾਜਨ ਨੇ ਵੀ ਮੈਰਿਟ ਵਿੱਚ ਆਈਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਵਿਦਿਆਰਥਣਾਂ ਦਾ ਹੌਂਸਲਾ ਵਧਾਉਣ ਲਈ ਚੇਅਰਮੈਨ ਸ੍ਰੀ ਰਮਨ ਬਹਿਲ ਦਾ ਧੰਨਵਾਦ ਕੀਤਾ।