- ਸਸਤਾ ਅਨਾਜ ਕਾਰਡ ਧਾਰਕ ਪਰਿਵਾਰਾਂ, ਜੇ ਫਾਰਮ ਧਾਰਕ ਕਿਸਾਨ ਪਰਿਵਾਰਾਂ, ਛੋਟੇ ਵਪਾਰੀਆਂ, ਰਜਿਸਟਰਡ ਉਸਾਰੀ ਮਜ਼ਦੂਰਾਂ ਅਤੇ ਐਕਰੀਡੇਟਿਡ/ਯੈਲੋ ਕਾਰਡ ਧਾਰਕ ਪੱਤਰਕਾਰਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ
ਬਟਾਲਾ, 14 ਅਗਸਤ : ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਪ੍ਰਚਾਰ ਮੁਹਿੰਮ ਤਹਿਤ ਮੁੱਖ ਮੰਤਰੀ ਸ੍ਰੀਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਬਲਾਕ ਕਾਹਨੂੰਵਾਨ ਦੇ ਪਿੰਡ ਸੇਖਵਾਂ ਵਿਖ਼ੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਦੇ ਭਰਾ ਤਰਨ ਕਲਸੀ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਗੱਲ ਕਰਦਿਆਂ ਤਰਨ ਕਲਸੀ ਨੇ ਦੱਸਿਆ ਕਿ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋ ਲੋਕਾਂ ਨੂੰ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਦੇਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਉਨਾਂ ਦੇ ਸਿਹਤ ਬੀਮਾ ਕਾਰਡ ਬਣਾਏ ਜਾ ਰਹੇ ਹਨ। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਧਾਰਕ ਨੂੰ 5 ਲੱਖ ਰੁਪਏ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਆਯੁਸ਼ਮਾਨ ਕਾਰਡ ਨਾਲ ਸਾਰੇ ਸਰਕਾਰੀ ਹਸਪਤਾਲ ਵਿੱਚ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਦਵਿੰਦਰ ਕੌਰ ਮੈਡੀਕਲ ਅਫ਼ਸਰ ਐਸ. ਐਚ. ਸੀ. ਸੇਖਵਾਂ ਵਲੋਂ ਆਯੂਸ਼ਮਾਨ ਕਾਰਡ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਿਹਤ ਬੀਮਾ ਅੱਜ ਦੇ ਸਮੇਂ ਵਿਚ ਅਹਿਮ ਜਰੂਰਤ ਹੈ ਇਸ ਸਮੇਂ ਬਿਮਾਰੀਆਂ ਵੱਧ ਰਹੀਆਂ ਹਨ ਤੇ ਇਲਾਜ ਦੇ ਮਹਿੰਗੇ ਹੋਣ ਕਾਰਨ ਬਹੁਤ ਲੋਕ ਇਲਾਜ ਤੋ ਵਾਂਝੇ ਰਹਿ ਜਾਂਦੇ ਹਨ। ਕਈ ਲੋਕ ਤਾਂ ਪੈਸੇ ਦੀ ਕਮੀ ਕਾਰਨ ਸਮੇਂ ਤੇ ਆਪਣਾ ਇਲਾਜ ਨਹੀ ਕਰਵਾ ਪਾਉਂਦੇ। ਸਿਹਤ ਬੀਮਾ ਸਮੇਂ ਤੇ ਵਧੀਆ ਅਤੇ ਕੈਸ਼-ਲੈਸ ਇਲਾਜ ਦੀ ਸਹੂਲਤ ਦਿੰਦਾ ਹੈ। ਉਨਾਂ ਦੱਸਿਆ ਕਿ ਪ੍ਰਚਾਰ ਵੈਨ ਦੇ ਨਾਲ-ਨਾਲ ਸਿਹਤ ਬੀਮਾ ਕਾਰਡ ਬਨਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਰਡ ਬਣਾ ਕੇ ਇਸ ਸਹੂਲਤ ਦਾ ਵੱਧ ਤੋਂ ਵੱਧ ਫਾਇਦਾ ਲੈਣ। ਉਨਾਂ ਦੱਸਿਆ ਕਿ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸੂਬੇ ਦੇ ਸਸਤਾ ਅਨਾਜ ਕਾਰਡ ਧਾਰਕ ਪਰਿਵਾਰਾਂ, ਜੇ ਫਾਰਮ ਧਾਰਕ ਕਿਸਾਨ ਪਰਿਵਾਰਾਂ, ਛੋਟੇ ਵਪਾਰੀਆਂ, ਰਜਿਸਟਰਡ ਉਸਾਰੀ ਮਜ਼ਦੂਰਾਂ ਅਤੇ ਐਕਰੀਡੇਟਿਡ/ਯੈਲੋ ਕਾਰਡ ਧਾਰਕ ਪੱਤਰਕਾਰਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਉਨਾਂ ਸਾਰੇ ਗੈਰ-ਸਰਕਾਰੀ ਸੰਸਥਾਵਾਂ, ਪੰਚ-ਸਰਪੰਚਾਂ, ਐਮ.ਸੀ, ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਯੂਸ਼ਮਾਨ ਕਾਰਡ ਬਨਾਉਣ ਵਿਚ ਵੱਧ ਚੜ੍ਹ ਕੇ ਸਹਿਯੋਗ ਕਰਨ। ਕਾਰਡ ਧਾਰਕ ਇਸ ਯੋਜਨਾ ਤਹਿਤ ਪੰਜਾਬ ਵਿਚ 900 ਤੋ ਵੱਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਸਕਦਾ ਹੈ। ਇਸ ਮੌਕੇ ਭੁਪਿੰਦਰ ਸਿੰਘ ਬੀ.ਈ.ਈ, ਸਤਿੰਦਰ ਸਿੰਘ ਫਾਰਮਾਸਿਸਟ, ਸ੍ਰੀਮਤੀ ਕੰਵਲਜੀਤ ਕੌਰ ਏ. ਐਨ. ਐਮ , ਜੋਗਾ ਸਿੰਘ, ਪ੍ਰਤਾਪ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।