ਬਟਾਲਾ 23 ਅਗਸਤ 2024 : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੀ ਯਾਦ ਵਿਚ “ਵਿਆਹ-ਪੁਰਬ” (ਸਲਾਨਾ ਜੋੜ ਮੇਲਾ) ਮੌਕੇ ਸੰਗਤਾਂ ਦੇ ਭਾਰੀ ਇੱਕਠ ਦੇ ਮੱਦੇਨਜ਼ਰ, ਕਮਿਸ਼ਨਰ, ਨਗਰ ਨਿਗਮ –ਕਮ- ਡਿਪਟੀ ਕੰਟਰੋਲਰ ਸਿਵਲ ਡਿਫੈਂਸ ਬਟਾਲਾ ਦੀ ਹਦਾਇਤਾਂ ਅਨੁਸਾਰ ਦਫ਼ਤਰ ਫਾਇਰ ਬ੍ਰਿਗੇਡ ਬਟਾਲਾ ਤੇ ਸਿਵਲ ਡਿਫੈਂਸ ਵਲੋ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ “ਅੱਗ ਤੋ ਬਚਾਅ ਤੇ ਸਾਵਧਾਨੀਆਂ” ਵਿਸ਼ੇ ‘ਤੇ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਫਾਇਰ ਸਟੇਸ਼ਨ ਇੰਚਾਰਜ ਸੁਰਿੰਦਰ ਸਿੰਘ ਢਿੱਲੋਂ ਦਿਸ਼ਾ ਨਿਰਦੇਸ਼ ‘ਚ ਫਾਇਰ ਅਫ਼ਸਰ ਨੀਰਜ਼ ਸ਼ਰਮਾਂ ਤੇ ਰਾਕੇਸ਼ ਸ਼ਰਮਾਂ, ਪੋਸਟ ਵਾਰਡਨ ਹਰਬਖਸ਼ ਸਿੰਘ, ਮੈਨਜ਼ਰ ਮਨਜੀਤ ਸਿੰਘ ਤੇ ਸੁਖਵਿੰਦਰ ਸਿੰਘ, ਲੰਗਰ ਸੇਵਾਦਾਰ, ਇਲੈਕਟ੍ਰੀਸ਼ਨ, ਸਟਾਫ ਤੇ ਫਾਇਰਮੈਨਾਂ ਨੇ ਹਿੱਸਾ ਲਿਆ। ਇਸ ਮੋਕੇ ਫਾਇਰ ਅਫ਼ਸਰ ਨੀਰਜ਼ ਸ਼ਰਮਾਂ ਨੇ ਦਸਿਆ ਕਿ ਵਿਆਹ ਪੁਰਬ ਮੌਕੇ ਲੱਖਾਂ ਵਿਚ, ਸੰਗਤਾਂ ਬਟਾਲਾ ਸ਼ਹਿਰ ਵਿਚ ਆਉਦੀਆਂ ਹਨ ਉਹਨਾਂ ਦੇ ਰਹਿਣ ਸਹਿਣ ਦੇ ਨਾਲ ਛੱਕਣ ਲਈ ਲੰਗਰ ਵੀ ਤਿਆਰ ਹੁੰਦੇ ਹਨ। ਲੰਗਰ ਤਿਆਰ ਕਰਨ ਸਮੇ ਗੈਸ ਸਿਲੈਂਡਰਾਂ ਦੀ ਵਰਤੋ ਕੀਤੀ ਜਾਂਦੀ ਹੈ ਅਤੇ ਦੋਰਾਨ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਪ੍ਰਬੰਧਕਾਂ ਨੂੰ ਅੱਗ ਬਚਾਅ ਦੇ ਸੁਰੱਖਿਆ ਗੁਰ ਤੇ ਅੱਗ ਬੁਝਾਊ ਯੰਤਰਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਵਲੋ ਸਾਰਿਆਂ ਨੂੰ ਫਾਇਰ ਬ੍ਰਿਗੇਡ ਬਟਾਲਾ ਦਾ ਸਹਾਇਤਾ ਨੰਬਰ 91157 96801 ਬਟਾਲਾ, ਆਪਣੇ ਮੋਬਾਇਲ ਵਿਚ ਸੇਫ ਵੀ ਕਰਵਾਇਆ। ਇਸ ਤੋ ਬਾਅਦ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਦਸਿਆ ਕਿ ਜੇਕਰ ਕਿਸੇ ਕਾਰਣ ਗਰਮ ਤਰਲ ਪਦਾਰਥ ਪੈ ਜਾਵੇ ਤਾਂ ਤੁਰੰਤ 10-15 ਮਿੰਟ ਤੱਕ ਉਸ ਉਤੇ ਠੰਡਾ ਪਾਣੀ ਪਾਉ ਜਾਂ ਪਾਣੀ ਵਿੱਚ ਉਦੋਂ ਤੱਕ ਰੱਖੋ ਜਦ ਤੱਕ ਜਲਣ ਨਾ ਹਟੇ। ਉਨਾ੍ ਨੇ ਕਿਹਾ ਕਿ ਪਾਣੀ ਦਾ ਪ੍ਰੈਸ਼ਰ ਬਹੁਤਾ ਤੇਜ਼ ਨਹੀ ਹੋਣਾ ਚਾਹੀਦਾ ਹੈ ਜਾਂ ਕਾਟਨ ਦੇ ਕੱਪੜੇ ਨੂੰ ਪਾਣੀ ਵਿਚ ਗਿੱਲਾ ਕੇ ਰੱਖੋ ਤੇ ਬਦਲੀ ਕਰਦੇ ਰਹੋ। ਬਾਅਦ ਵਿਚ ਤੁਰੰਤ ਡਾਕਟਰੀ ਸਹਾਇਤਾ ਲਈ ਜਾਵੇ। ਅਗੇ ਕਿਹਾ ਕਿ ਬਿਜਲਈ ਯੰਤਰਾਂ ਦੇ ਰੱਖ-ਰਖਾਵ ਵਿਚ ਕੋਈ ਅਣਗਿਹਲੀ ਨਾ ਵਰਤੀ ਜਾਵੇ ਅਤੇ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਵੇ। ਆਖਰ ਵਿਚ ਕੋਈ ਅਣਸੁਖਾਵੀ ਘਟਨਾ ਵਾਪਰਣ ਤੇ ਅੱਗ ਬੁਝਾਊ ਯੰਤਰਾਂ ਦੀ ਵਰਤੋ ਕਰਨ ਦੇ ਤਰੀਕੇ ਬਾਰੇ ਡੈਮੋ ਡਰਿਲ ਕਰਵਾਈ ਗਈ। ਇਹ ਡਰਿਲ ਲੰਗਰਾਂ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਪਾਸੋਂ ਕਰਵਾਈ ਗਈ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਨੂੰ ਸੰਭਾਲ ਸਕਣ।