ਬਟਾਲਾ, 12 ਸਤੰਬਰ : ਜਗਤ ਗੁਰੁ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਸ਼ੁਭ ਵਿਆਹ ਦੀ ਯਾਦ ਵਿਚ “ਵਿਆਹ-ਪੁਰਬ” (ਸਲਾਨਾ ਜੋੜ ਮੇਲਾ) ਮੌਕੇ ਸੰਗਤਾਂ ਦੇ ਭਾਰੀ ਇੱਕਠ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ ਅਤੇ ਕਮਿਸ਼ਨਰ ਨਗਰ ਨਿਗਮ-ਕਮ- ਡਿਪਟੀ ਕੰਟਰੋਲਰ ਸਿਵਲ ਡਿਫੈਂਸ ਡਾ. ਸ਼ਾਇਰੀ ਭੰਡਾਰੀ ਬਟਾਲਾ ਦੀ ਹਦਾਇਤਾਂ ਅਨੁਸਾਰ ਦਫ਼ਤਰ ਫਾਇਰ ਬ੍ਰਿਗੇਡ ਬਟਾਲਾ ਤੇ ਵਾਰਡਨ ਸਰਵਿਸ ਸਿਵਲ ਡਿਫੈਂਸ ਵਲੋ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ “ਅੱਗ ਤੋ ਬਚਾਅ ਤੇ ਸਾਵਧਾਨੀਆਂ” ਵਿਸ਼ੇ ‘ਤੇ ਕੈਂਪ ਤੇ ਡਰਿਲ ਕਰਵਾਈ ਗਈ। ਇਸ ਮੌਕੇ ਇੰਚਾਰਜ ਫਾਇਰ ਸਟੇਸ਼ਨ ਸੁਰਿੰਦਰ ਸਿੰਘ ਢਿੱਲੋਂ, ਫਾਇਰ ਅਫ਼ਸਰ ਨੀਰਜ਼ ਸ਼ਰਮਾਂ, ਪੋਸਟ ਵਾਰਡਨ ਹਰਬਖਸ਼ ਸਿੰਘ ਤੇ ਗੁਰਮੁੱਖ ਸਿੰਘ, ਹਰਪ੍ਰੀਤ ਸਿੰਘ, ਅੰਤ੍ਰਿਗ ਮੈਂਬਰ ਗੁਰਨਾਮ ਸਿੰਘ ਜੱਸਲ, ਗੁਰਿੰਦਰ ਸਿੰਘ, ਗੁਰਮੁੱਖ ਸਿੰਘ, ਫਾਇਰਮੈਨ ਦੇ ਨਾਲ ਗੁਰਦੁਆਰਾ ਸਾਹਿਬ ਦਾ ਸਾਰਾ ਸਟਾਫ, ਗ੍ਰੰਥੀ, ਕੀਰਤਨੀਏ, ਲੰਗਰ ਸੇਵਾਦਾਰ ਹਾਜ਼ਰ ਸੀ। ਇਸ ਮੋਕੇ ਇੰਚਾਰਜ ਫਾਇਰ ਸਟੇਸ਼ਨ ਸੁਰਿੰਦਰ ਸਿੰਘ ਢਿੱਲੋਂ ਤੇ ਫਾਇਰ ਅਫ਼ਸਰ ਨੀਰਜ਼ ਸ਼ਰਮਾਂ ਨੇ ਦਸਿਆ ਕਿ ਵਿਆਹ ਪੁਰਬ ਮੌਕੇ ਲੱਖਾਂ ਵਿਚ, ਸੰਗਤਾਂ ਬਟਾਲਾ ਸ਼ਹਿਰ ਵਿਚ ਆਉਦੀਆਂ ਹਨ ਉਹਨਾਂ ਦੇ ਰਹਿਣ ਸਹਿਣ ਦੇ ਨਾਲ ਛੱਕਣ ਲਈ ਲੰਗਰ ਵੀ ਤਿਆਰ ਹੁੰਦੇ ਹਨ। ਲੰਗਰ ਤਿਆਰ ਕਰਨ ਸਮੇ ਗੈਸ ਸਿਲੈਂਡਰਾਂ ਦੀ ਵਰਤੋ ਕੀਤੀ ਜਾਂਦੀ ਹੈ ਅਤੇ ਦੋਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਪ੍ਰਬੰਧਕਾਂ ਨੂੰ ਅੱਗ ਬਚਾਅ ਦੇ ਸੁਰੱਖਿਆ ਗੁਰ ਤੇ ਅੱਗ ਬੁਝਾਊ ਯੰਤਰਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਵਲੋ ਸਾਰਿਆਂ ਨੂੰ ਫਾਇਰ ਬ੍ਰਿਗੇਡ ਬਟਾਲਾ ਦਾ ਸਹਾਇਤਾ ਨੰਬਰ 91157 96801 ਆਪਣੇ ਮੋਬਾਇਲ ਵਿਚ ਸੇਫ ਵੀ ਕਰਵਾਇਆ। ਇਸ ਤੋ ਬਾਅਦ ਪੋਸਟ ਵਾਰਡਨ ਹਰਬਖਸ਼ ਸਿੰਘ ਤੇ ਗੁਰਮੁੱਖ ਸਿੰਘ ਨੇ ਦਸਿਆ ਕਿ ਜੇਕਰ ਕਿਸੇ ਕਾਰਨ ਗਰਮ ਤਰਲ ਪਦਾਰਥ ਪੈ ਜਾਵੇ ਤਾਂ ਤੁਰੰਤ 10-15 ਮਿੰਟ ਤੱਕ ਉਸ ਉਤੇ ਠੰਡਾ ਪਾਣੀ ਪਾਉ ਜਾਂ ਪਾਣੀ ਵਿੱਚ ਉਦੋਂ ਤੱਕ ਰੱਖੋ ਜਦ ਤੱਕ ਜਲਣ ਨਾ ਹਟੇ। ਉਨਾਂ ਨੇ ਕਿਹਾ ਕਿ ਪਾਣੀ ਦਾ ਪ੍ਰੈਸ਼ਰ ਬਹੁਤਾ ਤੇਜ਼ ਨਹੀ ਹੋਣਾ ਚਾਹੀਦਾ ਹੈ ਜਾਂ ਕਾਟਨ ਦੇ ਕੱਪੜੇ ਨੂੰ ਪਾਣੀ ਵਿਚ ਗਿੱਲਾ ਕੇ ਰੱਖੋ ਤੇ ਬਦਲੀ ਕਰਦੇ ਰਹੋ। ਬਾਅਦ ਵਿਚ ਤੁਰੰਤ ਡਾਕਟਰੀ ਸਹਾਇਤਾ ਲਈ ਜਾਵੇ। ਬਿਜਲਈ ਯੰਤਰਾਂ ਦੇ ਰੱਖ ਰਖਾਵ ਵਿਚ ਕੋਈ ਅਣਗੌਲੀ ਨਾ ਵਰਤੀ ਜਾਵੇ ਅਤੇ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ, ਜਥੇਦਾਰ ਗੁਰਨਾਮ ਸਿੰਘ ਜੱਸਲ ਵਲੋਂ ਟੀਮ ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਦਾ ਜਾਗਰੂਕ ਕੈਂਪ ਲਗਾਉਣ ‘ਤੇ ਧੰਨਵਾਦ ਕੀਤਾ ਤੇ ਹਰ ਤਰਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕੋਈ ਅਣਸੁਖਾਵੀ ਘਟਨਾ ਵਾਪਰਣ ਤੇ ਅੱਗ ਬੁਝਾਊ ਯੰਤਰਾਂ ਦੀ ਵਰਤੋ ਕਰਨ ਦੇ ਤਰੀਕੇ ਬਾਰੇ ਡੈਮੋ ਡਰਿਲ ਕਰਵਾਈ ਗਈ। ਇਹ ਡਰਿਲ ਲੰਗਰਾਂ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਪਾਸੋਂ ਕਰਵਾਈ ਗਈ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਨੂੰ ਸੰਭਾਲ ਸਕਣ। ਉਪਰੰਤ ਫਾਇਰ ਬ੍ਰਿਗੇਡ ਟੀਮ ਵਲੋਂ ਲੰਗਰ ਘਰ, ਗੈਸ ਸਿਲੈਂਡਰ ਸਟੋਰ, ਭੱਠੀਆਂ, ਜਨਰੇਟਰ ਤੇ ਹੋਰ ਬਿਜਲਈ ਯੰਤਰਾਂ ਦਾ ਨਿਰੀਖਣ ਕੀਤਾ ਤੇ ਸਾਂਭ ਸੰਭਾਲ ਬਾਰੇ ਦੱਸਿਆ।