ਸ੍ਰੀ ਅੰਮ੍ਰਿਤਸਰ : ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਵਿਸ਼ਾਲ ਸਮਾਗਮ ਕੀਤਾ ਗਿਆ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਣੇ ਵੱਡੀ ਗਿਣਤੀ ਵਿਚ ਸਿੱਖ ਸ਼ਖਸੀਅਤਾਂ ਮੌਜੂਦ ਸਨ। ਇਸ ਦੌਰਾਨ ਬੋਲਦਿਆਂ ਗਿਆਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਇਸ ਦੀਆਂ ਸੰਸਥਾਵਾਂ ਗੁਰੂ ਸਾਹਿਬਾਨ ਨੇ ਆਪ ਸਥਾਪਤ ਕੀਤੀਆਂ। ਉਨ੍ਹਾਂ ਆਖਿਆ ਕਿ ਗੁਰਦੁਆਰਾ, ਸੰਗਤ, ਪੰਗਤ ਅਤੇ ਸਿੱਖਾਂ ਨੂੰ ਕੇਂਦਰੀ ਧੁਰੇ ਨਾਲ ਜੋੜਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਸਿੱਖ ਇਤਿਹਾਸ ਦਾ ਹਾਸਲ ਹੈ। ਇਸ ਤੋਂ ਇਲਾਵਾ ਕੁਝ ਸੰਸਥਾਵਾਂ ਖਾਲਸਾ ਪੰਥ ਨੇ ਬਣਾਈਆਂ ਜਿਨ੍ਹਾਂ ਵਿਚ ਸ਼੍ਰੋਮਣੀ ਕਮੇਟੀ ਅਹਿਮ ਹੈ, ਜਿਸ ਦੀ ਸਥਾਪਨਾ ਲਈ 500 ਤੋਂ ਵੱਧ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ। ਸ੍ਰੀ ਪੰਜਾ ਸਾਹਿਬ ਸਾਕੇ ਦੇ ਸ਼ਹੀਦ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਦੀਆਂ ਸ਼ਹਾਦਤਾਂ ਵੀ ਸ਼੍ਰੋਮਣੀ ਕਮੇਟੀ ਦੀ ਕਾਇਮੀ ਤੇ ਮਜਬੂਤੀ ਲਈ ਸਨ। ਜਥੇਦਾਰ ਸ੍ਰੀ ਅਕਾਲ ਤਖਤ ਨੇ ਕਿਹਾ ਕਿ ਅੱਜ ਇਨ੍ਹਾਂ ਸੰਸਥਾਵਾਂ ਨੂੰ ਸਰਕਾਰੀ ਸ਼ਹਿ ’ਤੇ ਚੁਣੌਤੀ ਦਿੱਤੀ ਜਾ ਰਹੀ ਹੈ। ਭਾਵੇਂ ਮੁਗਲ ਜਾਂ ਅੰਗਰੇਜ਼ ਸਰਕਾਰਾਂ ਹੋਣ ਜਾਂ ਮੌਜੂਦਾ ਸਰਕਾਰਾਂ, ਇਹ ਕਦੇ ਵੀ ਪੰਥ ਹਿਤੈਸ਼ੀ ਨਹੀਂ ਰਹੀਆਂ। ਇਸ ਲਈ ਸਿੱਖ ਕੌਮ ਨੂੰ ਆਪਣੀਆਂ ਸੰਸਥਾਵਾਂ ਮਜਬੂਤ ਕਰਨ ਲਈ ਆਪ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸ਼੍ਰੋਮਣੀ ਕਮੇਟੀ ਤੇ ਹੋਰ ਸੰਸਥਾਵਾਂ ਨੂੰ ਅਜ਼ਾਦ ਕਰਵਾਉਣ ਦੀ ਗੱਲ ਕਰ ਰਹੇ ਹਨ ਕੀ ਉਹ ਦੱਸ ਸਕਦੇ ਹਨ ਕਿ ਸਰਕਾਰੀ ਦਖਲ ਨਾਲ ਲਿਆ ਪ੍ਰਬੰਧ ਉਨ੍ਹਾਂ ਪਾਸ ਰਹੇਗਾ। ਉਨ੍ਹਾਂ ਕਿਹਾ ਕਿ ਕਿਧਰੇ ਸੰਸਥਾਵਾਂ ਨੂੰ ਆਜ਼ਾਦ ਕਰਵਾਉਣ ਦੇ ਨਾਅਰੇ ਹੇਠ ਇਨ੍ਹਾਂ ਦਾ ਪ੍ਰਬੰਧ ਸਰਕਾਰੀ ਹੱਥਾਂ ਵਿਚ ਨਾ ਚਲਾ ਜਾਵੇ। ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ, ਸ੍ਰੀ ਪਟਨਾ ਸਾਹਿਬ ਕਮੇਟੀ ਅਤੇ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਪੰਥ ਨੂੰ ਆਪਣੀਆਂ ਸੰਸਥਾਵਾਂ ਬਾਰੇ ਸੰਜੀਦਾ ਪਹੁੰਚ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਪੰਥ ਦਾ ਸਰਵਉੱਚ ਸਥਾਨ ਹੈ ਜਿਸ ਦੀ ਮਜਬੂਤੀ ਲਈ ਹਰ ਸਿੱਖ ਅੱਗੇ ਆਵੇ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਵੀ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਿੱਖ ਸੰਸਥਾਵਾਂ ਨੂੰ ਮਜਬੂਤ ਕਰਨ ਲਈ ਕਾਰਜ ਕਰਨ। ਉਨ੍ਹਾਂ ਕਿਹਾ ਕਿ ਪੰਥਕ ਸੇਵਾ ਲਈ ਸਿੱਖੀ ਜ਼ਜਬਾ ਬੇਹੱਦ ਲਾਜ਼ਮੀ ਹੈ ਅਤੇ ਪੰਥਕ ਜਥੇਬੰਦੀਆਂ ਦੇ ਹਰ ਆਗੂ ਅੰਦਰ ਟ੍ਰੇਨਿੰਗ ਕੈਂਪਾਂ ਰਾਹੀਂ ਅੰਦਰ ਪੰਥਕ ਜ਼ਜਬਾ ਪ੍ਰਚੰਡ ਕੀਤਾ ਜਾਵੇ। ਉਨ੍ਹਾਂ ਸਿੱਖ ਸੰਗਤ ਨੂੰ ਵੀ ਪੰਥ ਵਿਰੋਧੀ ਸ਼ਕਤੀਆਂ ਤੋਂ ਸੁਚੇਤ ਰਹਿਣ ਦੀ ਵੀ ਅਪੀਲ ਕੀਤੀ। ਸ਼ਤਾਬਦੀ ਸਮਾਗਮ ਦੀ ਆਰੰਭਤਾ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਪੰਥ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਨੇ ਸਾਕਾ ਸ੍ਰੀ ਪੰਜਾ ਸਾਹਿਬ ਇਤਿਹਾਸ ਬਾਰੇ ਵਿਸਥਾਰ ਪੂਰਵਕ ਵਿਚਾਰ ਸਾਂਝੇ ਕੀਤੇ। ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸ਼ਹੀਦੀ ਸਾਕੇ ਦੇ ਸਮੂਹ ਸ਼ਹੀਦਾਂ ਸਬੰਧੀ ਅਰਦਾਸ ਕੀਤੀ ਗਈ।