ਬਟਾਲਾ, 7 ਅਗਸਤ : ਐਸ.ਐਸ.ਪੀ ਬਟਾਲਾ ਮੈਡਮ ਅਸ਼ਵਨੀ ਗੋਤਿਆਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਟਾਲਾ ਪੁਲਿਸ ਸਾਂਝ ਸਟਾਫ ਵਲੋਂ ਵੱਖ-ਵੱਖ ਸਕੂਲਾਂ ਵਿੱਚ ਜਾਗਰੂਕਤਾ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਦੁਰਪ੍ਰਭਾਵਾਂ ਵਿਰੁੱਧ, ਬਾਲ ਸ਼ੋਸਣ, ਸਾਈਬਰ ਕਰਾਈਮ ਅਤੇ ਸਾਂਝ ਸੇਵਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਬਟਾਲਾ ਪੁਲਿਸ ਸਾਂਝ ਸਟਾਫ ਵਲੋਂ ਬਟਾਲਾ ਨੇੜਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਬੱਗਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ ਤੇ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਦਿਆਂ ਨਸ਼ਿਆਂ ਦੇ ਮਾੜੇ ਦੁਰਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਨਸ਼ਿਆਂ ਤੋਂ ਪੀੜਤ ਵਿਅਕਤੀ ਨਾਲ ਹਮਦਰਦੀ ਦਾ ਵਤੀਰਾ ਅਪਣਾਇਆ ਜਾਵੇ ਅਤੇ ਉਸਦੇ ਇਲਾਜ ਲਈ ਪੀੜਤ ਨੂੰ ਮੁੜ ਵਸੇਬੇ ਕੇਂਦਰ ਵਿੱਚ ਭਰਤੀ ਕਰਵਾਇਆ ਜਾਵੇ। ਮੁੜ ਵਸੇਬੇ ਕੇਂਦਰਾਂ ਵਿੱਚ ਨਸ਼ਾ ਪੀੜਤ ਵਿਅਕਤੀ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਅਤੇ ਉਸ ਨੂੰ ਮੁੜ ਜੀਵਨ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ ਉਨ੍ਹਾਂ ਅੱਗੇ ਦੱਸਿਆ ਕਿ ਐਸ.ਐਸ.ਪੀ ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪ੍ਰੇਰਿਤ ਕਰਨ ਅਤੇ ਵੱਧ ਤੋਂ ਵੱਧ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ ਤਾਂ ਜੋ ਬੱਚਿਆਂ ਦੇ ਨਾਲ-ਨਾਲ ਨੌਜਵਾਨ ਵਰਗ ਇਸ ਤੋਂ ਦੂਰ ਰਹੇ। ਉਨਾਂ ਹੈਲਪਲਾਈਨ ਨੰਬਰ 112 ਬਾਰੇ ਵੀ ਜਾਗਰੂਕ ਕੀਤਾ ਅਤੇ ਕਿਹਾ ਕਿ ਸਹਾਇਤਾ ਲੈਣ ਲਈ ਇਸੇ ਨੰਬਰ ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।