- ਫਸਲ ਨੂੰ ਬਰਸਾਤ ਤੋਂ ਬਚਾਉਣ ਲਈ ਪੁਖਤਾ ਪ੍ਰਬੰਧ
ਅੰਮ੍ਰਿਤਸਰ 11 ਸਤੰਬਰ, 2024 : ਅੰਮ੍ਰਿਤਸਰ ਜ਼ਿਲ੍ਹੇ ਦੀਆਂ ਮੁੱਖ ਮੰਡੀਆਂ ਵਿੱਚ ਬਾਸਮਤੀ ਦੀ ਅਗੇਤੀ ਫਸਲ 1509 ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਤੱਕ ਕਰੀਬ 6000 ਮੀਟ੍ਰਿਕ ਟਨ ਬਾਸਮਤੀ ਮੰਡੀਆਂ ਵਿੱਚ ਆ ਚੁੱਕੀ ਹੈ । ਇਹ ਜਾਣਕਾਰੀ ਦਿੰਦੇ ਜ਼ਿਲ੍ਹਾ ਮੰਡੀ ਅਫਸਰ ਸ ਅਮਨਦੀਪ ਸਿੰਘ ਨੇ ਦੱਸਿਆ ਕਿ ਮੁੱਖ ਤੌਰ ਤੇ ਭਗਤਾਂ ਵਾਲਾ ਮੰਡੀ ਵਿੱਚ ਬਾਸਮਤੀ ਆ ਰਹੀ ਹੈ। ਇਸ ਤੋਂ ਇਲਾਵਾ ਗਹਿਰੀ ਮੰਡੀ, ਮਜੀਠਾ ਮੰਡੀ ਅਤੇ ਮਹਿਤਾ ਮੰਡੀ ਵਿੱਚ ਵੀ ਬਾਸਮਤੀ ਦੀ 1509 ਕਿਸਮ ਆਈ ਹੈ। ਉਹਨਾਂ ਦੱਸਿਆ ਕਿ ਸਾਡੇ ਕੋਲ ਬਾਸਮਤੀ ਦੀ ਫਸਲ ਨੂੰ ਬਰਸਾਤ ਜਾਂ ਖਰਾਬ ਮੌਸਮ ਤੋਂ ਬਚਾਉਣ ਲਈ ਸੈ਼ਡਾਂ ਤੇ ਤਰਪਾਲਾਂ ਦੇ ਪੁਖ਼ਤਾ ਪ੍ਰਬੰਧ ਹਨ ਅਤੇ ਇਸ ਵੇਲੇ ਤੱਕ ਕਿਸੇ ਵੀ ਮੰਡੀ ਵਿੱਚੋਂ ਫਸਲ ਦੇ ਬਰਸਾਤ ਕਾਰਨ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਉਹਨਾਂ ਦੱਸਿਆ ਕਿ ਬਾਸਮਤੀ ਵਪਾਰੀਆਂ ਤੇ ਸ਼ੈਲਰ ਮਾਲਕਾਂ ਵੱਲੋਂ ਖਰੀਦ ਕੀਤੀ ਜਾ ਰਹੀ ਹੈ ਅਤੇ ਇਸ ਦਾ ਕਿਸਾਨਾਂ ਨੂੰ ਫਸਲ ਦੀ ਗੁਣਵੱਤਾ ਦੇ ਹਿਸਾਬ ਨਾਲ 2400 ਤੋਂ ਲੈ ਕੇ 2900 ਰੁਪਏ ਪ੍ਰਤੀ ਕੁਇੰਟਲ ਤੱਕ ਕੀਮਤ ਮਿਲ ਰਹੀ ਹੈ ਹੈ । ਉਹਨਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਤੁਹਾਡੀ ਆਉਣ ਵਾਲੀ ਫਸਲ ਦੀ ਖਰੀਦ ਲਈ ਮੰਡੀ ਬੋਰਡ ਪੂਰੀ ਤਰ੍ਹਾਂ ਤਿਆਰ ਹੈ ਅਤੇ ਬਾਸਮਤੀ ਦੇ ਨਾਲ ਨਾਲ ਝੋਨੇ ਦੀ ਆਮਦ ਵੇਲੇ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ, ਬਸ਼ਰਤੇ ਕਿ ਤੁਸੀਂ ਝੋਨਾ ਸੁਕਾ ਕੇ ਮੰਡੀ ਵਿੱਚ ਲਿਆਓ।