- ਵੋਟਰਾਂ ਦੀ ਸਹੂਲਤਾਂ ਲਈ ਜਾਰੀ ਵੋਟਰ ਸਲਿੱਪ ਵੋਟ ਪਾਉਣ ਲਈ ਪਹਿਚਾਣ ਪੱਤਰ ਦੇ ਤੌਰ ’ਤੇ ਨਹੀਂ ਹੋਵੇਗੀ ਪ੍ਰਮਾਣਿਤ
ਤਰਨ ਤਾਰਨ, 21 ਮਾਰਚ : ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ੍ਹ ਚੋਣ ਅਫਸਰ, ਸ਼੍ਰੀ ਸੰਦੀਪ ਕੁਮਾਰ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਉਲੀਕੇ ਪ੍ਰੋਗਰਾਮ ਤਹਿਤ ਜਾਣਕਾਰੀ ਦਿੰਦਿਆ ਕਿਹਾ ਕਿ ਚੋਣਾਂ ਵਾਲੇ ਦਿਨ ਕੋਈ ਵੀ ਵੋਟਰ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਵੋਟਰ ਸ਼ਨਾਖਤੀ ਕਾਰਡ ਪੋਲਿੰਗ ਸਟੇਸ਼ਨ ’ਤੇ ਪੇਸ਼ ਕਰਕੇ ਆਪਣੀ ਵੋਟ ਪਾ ਸਕਦਾ ਹੈ। ਸ਼੍ਰੀ ਸੰਦੀਪ ਨੇ ਦੱਸਿਆ ਕਿ ਜੇਕਰ ਵੋਟਰ ਸ਼ਨਾਖਤੀ ਕਾਰਡ ਵਿੱਚ ਵੋਟਰ ਦੇ ਨਾਮ ਦੇ ਅੱਖਰ ਵਿੱਚ ਕੋਈ ਗਲਤੀ ਹੈ ਤਾਂ ਵੀ ਵੋਟਰ ਆਪਣੀ ਵੋਟ ਪਾ ਸਕਦਾ ਹੈ, ਪਰ ਉਸ ਵੱਲੋਂ ਦਿਖਾਏ ਗਏ ਵੋਟਰ ਕਾਰਡ ਨਾਲ ਉਸਦੀ ਪਹਿਚਾਣ ਹੁੰਦੀ ਹੋਵੇ। ਜੇਕਰ ਕੋਈ ਵੋਟਰ ਕਿਸੇ ਹੋਰ ਵਿਧਾਨ ਸਭਾ ਹਲਕੇ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵੱਲੋਂ ਜਾਰੀ ਕੀਤਾ ਗਿਆ ਵੋਟਰ ਕਾਰਡ ਪੇਸ਼ ਕਰਦਾ ਹੈ ਤਾਂ ਉਸ ਨੂੰ ਵੀ ਸਵੀਕਾਰ ਕੀਤਾ ਜਾਵੇਗਾ, ਪ੍ਰੰਤੂ ਸ਼ਰਤ ਇਹ ਹੋਵੇਗੀ ਕਿ ਵੋਟਰ ਜਿਸ ਪੋਲਿੰਗ ਸਟੇਸ਼ਨ ’ਤੇ ਵੋਟ ਪਾ ਰਿਹਾ ਹੈ, ਉਸਦੀ ਵੋਟਰ ਸੂਚੀ ਵਿੱਚ ਉਸਦਾ ਨਾਮ ਦਰਜ਼ ਹੋਵੇ।ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਸਹੂਲਤਾਂ ਲਈ ਜਾਰੀ ਕੀਤੀ ਗਈ ਵੋਟਰ ਸਲਿੱਪ ਨੂੰ ਵੋਟ ਪਾਉਣ ਲਈ ਪਹਿਚਾਣ ਪੱਤਰ ਦੇ ਤੌਰ ’ਤੇ ਪੇਸ਼ ਨਹੀਂ ਕੀਤਾ ਜਾ ਸਕਦਾ। ਜ਼ਿਲਾ੍ਹ ਚੋਣ ਅਫਸਰ ਨੇ ਕਿਹਾ ਕਿ ਵਿਦੇਸ਼ੀ ਵੋਟਰਾਂ ਨੂੰ ਆਪਣੀ ਪਛਾਣ ਲਈ ਆਪਣਾ ਅਸਲੀ ਭਾਰਤੀ ਪਾਸਪੋਰਟ ਪੇਸ਼ ਕਰਨਾ ਪਵੇਗਾ। ਜਿੰਨ੍ਹਾਂ ਵੋਟਰਾਂ ਦੇ ਵੋਟਰ ਸ਼ਨਾਖਤੀ ਕਾਰਡ ਵਿੱਚ ਫੋਟੋ ਸਾਫ ਨਹੀਂ ਹੈ, ਤਾਂ ਉਨਾਂ ਨੂੰ ਵੀ ਕੋਈ ਹੋਰ ਦਸਤਾਵੇਜ਼ ਪੇਸ਼ ਕਰਨਾ ਪਵੇਗਾ। ਇਸ ਤੋਂ ਇਲਾਵਾ ਚੋਣ ਵਾਲੇ ਦਿਨ ਜਿੰਨ੍ਹਾਂ ਵੋਟਰਾਂ ਕੋਲ ਵੋਟਰ ਸਨਾਖਤੀ ਕਾਰਡ ਮੌਜੂਦ ਨਹੀਂ ਹੈ, ਤਾਂ ਵੋਟਰ 12 ਹੋਰ ਦਸਤਾਵੇਜਾਂ ਆਧਾਰ ਕਾਰਡ, ਮਨਰੇਗਾ ਜੋਬ ਕਾਰਡ, ਬੈਂਕ/ਡਾਕਘਰ ਦੁਆਰਾ ਜਾਰੀ ਫੋਟੋਆਂ ਵਾਲੀ ਪਾਸਬੁੱਕ, ਕਿਰਤ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ ਸਿਹਤ ਬੀਮਾ ਸਮਾਰਟ ਕਾਰਡ, ਡਰਾਈਵਿੰਗ ਲਾਇਸੰਸ, ਪੈੱਨ ਕਾਰਡ, ਜੀ. ਐਨ.ਪੀ.ਆਰ ਦੇ ਤਹਿਤ ਆਰ.ਜੀ.ਏ. ਦੁਆਰਾ ਜਾਰੀ ਕੀਤਾ ਗਿਆ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਪੈਨਸ਼ਨ ਦਸਤਾਵੇਜ਼ ਸਮੇਤ ਫੋਟੋ, ਕੇਂਦਰੀ/ਰਾਜ ਸਰਕਾਰ/ਪੀ.ਐਸ.ਯੂ/ਪਬਲਿਕ ਲਿਮਟਿਡ ਕੰਪਨੀਆਂ ਦੁਆਰਾ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਫੋਟੋ ਵਾਲੇ ਸੇਵਾ ਪਛਾਣ ਪੱਤਰ, ਸੰਸਦ ਮੈਬਰਾਂ/ਵਿਧਾਇਕਾਂ/ਐਮ.ਐਲ.ਸੀ. ਨੂੰ ਜਾਰੀ ਕੀਤੇ ਗਏ ਅਧਿਕਾਰਤ ਪਛਾਣ ਪੱਤਰ ਅਤੇ ਵਿਲੱਖਣ ਅਸਮਰੱਥਾ ਕਾਰਡ ਜੋ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਵੱਲੋਂ ਜਾਰੀ ਕੀਤਾ ਗਿਆ ਹੋਵੇ, ਦੀ ਪੋਲਿੰਗ ਸਟੇਸ਼ਨ ਉਪਰ ਮੌਜੂਦ ਪੋਲਿੰਗ ਅਧਿਕਾਰੀਆਂ ਨੂੰ ਪੇਸ਼ ਕਰਕੇ ਆਪਣੀ ਵੋਟ ਪਾ ਸਕਦਾ ਹੈ।