ਅੰਮ੍ਰਿਤਸਰ, 20 ਮਈ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 1984 ਦੇ ਦਿੱਲੀ ਸਿੱਖ ਕਤਲੇਆਮ ਕੇਸ ਵਿੱਚ ਸੀਬੀਆਈ ਵੱਲੋਂ ਜਗਦੀਸ਼ ਟਾਈਟਲਰ ਵਿਰੁੱਧ ਚਾਰਜਸ਼ੀਟ ਦਾਇਰ ਕਰਨ ਦਾ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਿੱਲੀ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਵਿਚ ਸ਼ਾਮਿਲ ਹੈ, ਜਿਸ ਨੂੰ ਕਰੜੀ ਸਜ਼ਾ ਮਿਲਣੀ ਚਾਹੀਦੀ ਹੈ। ਸੀਬੀਆਈ ਵੱਲੋਂ ਅੱਜ ਦਾਇਰ ਕੀਤੀ ਚਾਰਜਸ਼ੀਟ ਨਾਲ ਟਾਇਟਲਰ ਨੂੰ ਸਜਾ ਦੀ ਆਸ ਬੱਝੀ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ 1984 ਦਾ ਸਿੱਖ ਕਤਲੇਆਮ ਸਿੱਖ ਕੌਮ ਦਾ ਗਹਿਰਾ ਜ਼ਖਮ ਹੈ। ਇਸ ਦੇ ਪੀੜਤ ਲੰਮੇ ਅਰਸੇ ਤੋਂ ਇਨਸਾਫ਼ ਮੰਗ ਰਹੇ ਹਨ। ਹੁਣ ਜਦੋਂ ਜਗਦੀਸ਼ ਟਾਈਟਲਰ ਵਿਰੁੱਧ ਚਾਰਜਸ਼ੀਟ ਦਾਖਲ ਹੋਈ ਹੈ ਤਾਂ ਆਸ ਕੀਤੀ ਜਾ ਸਕਦੀ ਹੈ ਕਿ ਉਸ ਨੂੰ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ।