ਵਧੀਕ ਡਿਪਟੀ ਕਮਿਸ਼ਨਰ ਨੇ ਹੜ੍ਹਾਂ ਨਾਲ ਪ੍ਰਭਾਵਿਤ ਦਰਿਆ ਸਤਲੁਜ ‘ਤੇ ਬਣੇ ਧੁੱਸੀ ਬੰਨ੍ਹ ਉੱਤੇ ਚੱਲ ਰਹੇ ਰਾਹਤ ਕਾਰਜਾਂ ਅਤੇ ਪ੍ਰਭਾਵਿਤ ਸਥਾਨਾਂ ਦਾ ਲਿਆ ਜ਼ਾਇਜਾ

ਤਰਨ ਤਾਰਨ, 12 ਜੁਲਾਈ : ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀਮਤੀ ਅਮਨਿੰਦਰ ਕੌਰ ਵੱਲੋਂ ਅੱਜ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਮਾਰ ਨਾਲ ਪ੍ਰਭਾਵਿਤ ਦਰਿਆ ਸਤਲੁਜ ‘ਤੇ ਬਣੇ ਧੁੱਸੀ ਬੰਨ੍ਹ ਉੱਤੇ ਚੱਲ ਰਹੇ ਵੱਖ-ਵੱਖ ਰਾਹਤ ਕਾਰਜਾਂ ਅਤੇ ਪ੍ਰਭਾਵਿਤ ਸਥਾਨਾਂ ਦਾ ਜ਼ਾਇਜਾ ਲਿਆ ਗਿਆ। ਉਨ੍ਹਾਂ ਕਿਹਾ ਕਿ ਪਾਣੀ ਦੇ ਵਹਾਅ ਨੂੰ ਦੇਖਦੇ ਹੋਏ ਰਾਹਤ ਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਾਲ-ਨਾਲ ਪ੍ਰਭਾਵਿਤ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀਮਤੀ ਬਲਦੀਪ ਕੌਰ ਦੀ ਅਗਵਾਈ ਹੇਠ ਲੋਕਾਂ ਦੀ ਇਸ ਔਖੀ ਘੜੀ ਵਿੱਚ ਹਰ ਸੰਭਵ ਮੱਦਦ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਤਰ੍ਹਾ ਦੀਆਂ ਅਫਵਾਹਾਂ ’ਤੇ ਯਕੀਨ ਨਾ ਕਰਨ ਅਤੇ ਨਾ ਘਬਰਾਹਟ ਵਿੱਚ ਆਉਣ ਸਗੋਂ ਲੋੜ ਪੈਣ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਥਾਪਤ ਕੀਤੇ ਕੰਟਰੋਲ ਰੂਮ ਨਾਲ ਸੰਪਰਕ ਕੀਤਾ ਜਾਵੇ।