ਬਿਆਸ, 23 ਅਕਤੂਬਰ, 2024 : ਅੰਮ੍ਰਿਤਸਰ ਦੇ ਬਿਆਸ 'ਚ ਇੱਕ ਆੜਤੀਏ ਨੂੰ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਆਪਣਾ ਨਿਸ਼ਾਨਾ ਬਣਿਆ ਗਿਆ। ਇਹ ਘਟਨਾ ਪਿੰਡ ਸਠਿਆਲ ਦੀ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਿਕ ਅਣਪਛਾਤੇ ਨੌਜਵਾਨਾਂ ਨੇ ਆੜਤੀਏ ਨੂੰ ਗੋਲੀਆਂ ਮਾਰੀਆਂ ਹਨ। ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਗੋਕਾ ਵੱਜੋਂ ਹੋਈ ਹੈ। ਮ੍ਰਿਤਕ ਪਿੰਡ ਦਾ ਸਾਬਕਾ ਸਰਪੰਚ ਵੀ ਰਹਿ ਚੁੱਕਿਆ ਹੈ। ਸੂਤਰਾਂ ਅਨੁਸਾਰ ਮੋਟਰ ਸਾਈਕਲ ਸਵਾਰ ਨੌਜਵਾਨਾਂ ਵੱਲੋਂ ਤਿੰਨ ਤੋਂ ਚਾਰ ਫਾਇਰ ਕੀਤੇ ਗਏ। ਜ਼ਖਮੀ ਹਾਲਤ 'ਚ ਨੌਜਵਾਨ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਲਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦੇ ਦਿੱਤਾ। ਗੁਰਦੀਪ ਸਿੰਘ ਗੋਕਾ ਸੀਜ਼ਨ ਹੋਣ ਕਾਰਨ ਸਠਿਆਲ ਦੀ ਮੰਡੀ 'ਚ ਆਪਣੀ ਆੜ੍ਹਤ 'ਤੇ ਬੈਠਾ ਸੀ। ਇਸ ਦੌਰਾਨ ਅਚਾਨਕ 3-4 ਨੌਜਵਾਨ ਮੋਟਰ ਸਾਈਕਲ 'ਤੇ ਆਉਂਦੇ ਨੇ ਅਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ। ਘਟਾਨਾ ਨੂੰ ਅੰਜ਼ਾਮ ਦੇਣ ਮਗਰੋਂ ਸ਼ੂਟਰ ਮੌਕੇ ਤੋਂ ਤੇਜ਼ੀ ਨਾਲ ਫਰਾਰ ਹੋ ਗਏ। ਉਧਰ ਘਟਨਾ ਦੀ ਜਾਣਕਾਰੀ ਮਿਲਣ 'ਤੇ ਡੀਐਸਪੀ ਅਰੁਣ ਸ਼ਰਮਾ, ਬਾਬਾ ਬਕਾਲਾ ਐਸਐਚਓ ਬਿਆਸ ਗਗਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਸਠਿਆਲਾ ਦਾਣਾ ਮੰਡੀ ਦੇ ਵਿੱਚ ਪਹੁੰਚ ਕੇ ਘਟਨਾਕ੍ਰਮ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਮੰਡੀ ਵਿੱਚ ਫਿਲਹਾਲ ਘਟਨਾ ਸਥਾਨ ਦੇ ਨੇੜੇ ਕੋਈ ਵੀ ਸੀਸੀਟੀਵੀ ਕੈਮਰਾ ਨੇੜੇ ਨਜ਼ਰ ਨਹੀਂ ਆਇਆ ਹੈ। ਜਿਸ ਕਾਰਨ ਪੁਲਿਸ ਵੱਲੋਂ ਨਜ਼ਦੀਕੀ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਜੋ ਮੁਲਜ਼ਮਾਂ ਬਾਰੇ ਹੋਰ ਵਧੇਰੇ ਜਾਣਕਾਰੀ ਮਿਲ ਸਕੇ। ਉਸ ਅਧਿਕਾਰੀਆਂ ਨੇ ਆਖਿਆ ਕਿ ਬਹੁਤ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਕਤਲ ਦੀ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।