ਤਰਨਤਾਰਨ, 4 ਅਗਸਤ : ਤਰਨਤਾਰਨ ਵਿਚ ਹੜ੍ਹਾਂ ਦੇ ਢੁਕਵੇਂ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਵਿਚ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ਕੀਤੇ ਗਏ ਕੁਪ੍ਰਬੰਧਾਂ ਅਤੇ ਲਾਪਰਵਾਹੀ ਲਈ ‘ਆਪ’ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਹੜ੍ਹ ਪੀੜਤਾਂ ਲਈ ਢੁੱਕਵਾਂ ਮੁਆਵਜ਼ਾ ਨਹੀਂ ਦਿੰਦੇ, ਉਦੋਂ ਤੱਕ ਅਸੀਂ ਆਪਣੇ ਲੋਕਾਂ ਲਈ ਆਵਾਜ਼ ਬੁਲੰਦ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਅਸੀਂ ਗੂੰਗੀ-ਬੋਲੀ 'ਆਪ' ਪੰਜਾਬ ਸਰਕਾਰ ਨੂੰ ਸਾਰੀਆਂ ਸ਼ਿਕਾਇਤਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਮਜਬੂਰ ਕਰਾਂਗੇ। ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਆਫ਼ਤ ਨਾਲ ਨਜਿੱਠਣ ਵਿਚ 'ਆਪ' ਸਰਕਾਰ ਦੀ ਲਾਪਰਵਾਹੀ ਅਤੇ ਅਸਫਲਤਾ ਨੇ ਪੰਜਾਬ ਵਿਚ ਪੂਰੀ ਤਰ੍ਹਾਂ ਨਾਲ ਅਰਾਜਕਤਾ ਅਤੇ ਤਬਾਹੀ ਮਚਾਈ, ਕਈ ਵਸਨੀਕਾਂ ਨੇ ਆਪਣੇ ਘਰ, ਕੀਮਤੀ ਵਸਤਾਂ, ਰੋਜ਼ੀ-ਰੋਟੀ ਦੇ ਸਾਧਨ, ਪਸ਼ੂ ਅਤੇ ਇੱਥੋਂ ਤੱਕ ਕਿ ਆਪਣੇ ਪਿਆਰੇ ਵੀ ਗੁਆ ਦਿਤੇ। 'ਰੰਗਲਾ ਪੰਜਾਬ' ਦਾ ਵਾਅਦਾ ਕਰਨ ਵਾਲੀ ਪੰਜਾਬ ਦੀ ਸੱਤਾਧਾਰੀ ਸਰਕਾਰ ਸਾਰੇ ਪੀੜਤਾਂ ਪ੍ਰਤੀ ਜਵਾਬਦੇਹ ਹੈ। ਇਸ ਭਾਰੀ ਨੁਕਸਾਨ ਲਈ 'ਆਪ' ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਵੜਿੰਗ ਨੇ ਕਿਹਾ ਕਿ ਸਰਕਾਰ ਸੰਕਟ ਦੀ ਸਥਿਤੀ ਦੌਰਾਨ ਪੀੜਤਾਂ ਦੀ ਮਦਦ ਕਰਨ ਵਿਚ ਅਸਫਲ ਰਹੀ ਹੈ। ਇੰਨਾ ਹੀ ਨਹੀਂ, 'ਆਪ' ਲੀਡਰਸ਼ਿਪ ਪੀੜਤਾਂ ਦੇ ਦੁੱਖਾਂ 'ਚ ਵਾਧਾ ਕਰਨ 'ਤੇ ਤੁਲੀ ਹੋਈ ਹੈ। ਸੂਬਾ ਪ੍ਰਧਾਨ ਨੇ ਦੋਸ਼ ਲਾਇਆ ਕਿ ਸਰਕਾਰ ਨਾ ਤਾਂ ਪੀੜਤ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਵਿੱਚੋਂ ਰੇਤ ਦੀ ਸਫ਼ਾਈ ਕਰਨ ਵਿੱਚ ਸਹਾਇਤਾ ਕਰ ਰਹੀ ਹੈ ਅਤੇ ਨਾ ਹੀ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਖੁਦ ਸਫਾਈ ਕਰਨ ਦੇ ਰਹੀ ਹੈ। ਵੜਿੰਗ ਨੇ ਭਗਵੰਤ ਮਾਨ ਦੀ ਨੀਅਤ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੂੰ ਲੋਕਾਂ ਵੱਲੋਂ ਰੇਤ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦੀ ਬਜਾਏ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ 'ਚ ਪਈ ਰੇਤ ਨੂੰ ਵੇਚਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਇਸ ਦੇ ਸਾਕਾਰਾਤਮਕ ਨਤੀਜੇ ਨਿਕਲਣਗੇ, ਇੱਕ ਤਾਂ ਕਿਸਾਨ ਰੇਤ ਤੋਂ ਛੁਟਕਾਰਾ ਪਾਵੇਗਾ ਤੇ ਦੂਜਾ ਖਪਤਕਾਰ ਰੇਤ ਮਾਫੀਆ ਦੀ ਸ਼ਮੂਲੀਅਤ ਤੋਂ ਬਿਨਾਂ ਘੱਟ ਰੇਟ 'ਤੇ ਰੇਤ ਪ੍ਰਾਪਤ ਕਰ ਸਕਣਗੇ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਮੁੱਖ ਮੰਤਰੀ ਆਪਣੇ ਹੀ ਮੰਤਰੀਆਂ ਦੀ ਸਰਪ੍ਰਸਤੀ ਹੇਠ ਵਧ-ਫੁੱਲ ਰਹੇ ਰੇਤ ਮਾਫ਼ੀਆ ਖ਼ਿਲਾਫ਼ ਸਖ਼ਤ ਸਟੈਂਡ ਲੈਣ। ਸੂਬੇ 'ਚ ਫੈਲੀ ਅਰਾਜਕਤਾ ਲਈ ਭਗਵੰਤ ਮਾਨ 'ਤੇ ਵਰ੍ਹਦਿਆਂ ਵੜਿੰਗ ਨੇ ਕਿਹਾ ਕਿ ਸੂਬੇ 'ਚ ਅਮਨ-ਕਾਨੂੰਨ ਦੀ ਹਾਲਤ ਵਿਗੜ ਚੁੱਕੀ ਹੈ। ਤਰਨਤਾਰਨ ਵਿੱਚ ਹਾਲ ਹੀ ਵਿੱਚ ਇੱਕ 9 ਸਾਲਾ ਬੱਚੇ ਦੇ ਅਗਵਾ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਦੀ ਅਣਹੋਂਦ ਸੂਬੇ ਨੂੰ ਮੁੜ ‘ਅਸ਼ਾਂਤੀ’ ਦੇ ਦਿਨਾਂ ਵੱਲ ਧੱਕ ਰਹੀ ਹੈ। ਉਨ੍ਹਾਂ ਕਿਹਾ ਕਿ ਦਿਨ-ਦਿਹਾੜੇ ਕਤਲ, ਲੁੱਟਾਂ-ਖੋਹਾਂ, ਵਧ ਰਿਹਾ ਗੈਂਗ ਕਲਚਰ, ਫਿਰੌਤੀ ਅਤੇ ਹੁਣ ਅਗਵਾ ਇਹ ਸਭ ਗੰਭੀਰ ਚਿੰਤਾਵਾਂ ਹਨ ਜਿਨ੍ਹਾਂ ਵੱਲ ਮੁੱਖ ਮੰਤਰੀ ਦੇ ਫੌਰੀ ਧਿਆਨ ਦੀ ਲੋੜ ਹੈ। ਵੜਿੰਗ ਨੇ ਭਗਵੰਤ ਮਾਨ ਨੂੰ ਇਸ਼ਤਿਹਾਰਬਾਜ਼ੀ ਗਤੀਵਿਧੀਆਂ ਨੂੰ ਕੁਝ ਸਮੇਂ ਲਈ ਰੋਕਣ ਅਤੇ ਅਗਵਾ ਹੋਏ ਬੱਚੇ ਦੀ ਸੁਰੱਖਿਅਤ ਬਰਾਮਦਗੀ ਨੂੰ ਯਕੀਨੀ ਬਣਾਉਣ 'ਤੇ ਧਿਆਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦਾ ਧਿਆਨ ਸੂਬੇ ਵਿੱਚ ਸ਼ਾਂਤੀ ਬਹਾਲ ਕਰਨ ਅਤੇ ਇੱਥੋਂ ਦੇ ਲੋਕਾਂ ਦੀ ਸੁਰੱਖਿਆ ਵੱਲ ਹੋਣਾ ਚਾਹੀਦਾ ਹੈ।