ਕੀਵ : ਯੂਕਰੇਨ ਦੇ ਲੁਹਾਂਸਕ, ਡੋਨੈਸਕ, ਖੇਰਸਾਨ ਤੇ ਜਪੋਰੀਜੀਆ ਖੇਤਰਾਂ ਦੇ ਰੂਸ ’ਚ ਸ਼ਾਮਲ ਹੋਣ ਦੇ ਮਤੇ ’ਤੇ ਰੈਫਰੈਂਡਮ ਸ਼ੁਰੂ ਹੋ ਗਿਆ ਹੈ। 23 ਸਤੰਬਰ ਨੂੰ ਸ਼ੁਰੂ ਹੋਈ ਵੋਟਿੰਗ ਪ੍ਰਕਿਰਿਆ 27 ਸਤੰਬਰ ਤਕ ਚੱਲੇਗੀ। ਰੂਸੀ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਰਾਸ਼ਟਰ ਦੇ ਨਾਂ ਸੰਬੋਧਨ ’ਚ ਇਸ ਸਬੰਧੀ ਐਲਾਨ ਕੀਤਾ ਸੀ। ਯੂਕਰੇਨ ਤੇ ਉਸਦੇ ਸਹਿਯੋਗੀ ਪੱਛਮੀ ਦੇਸ਼ਾਂ ਨੇ ਰੈਫਰੈਂਡਮ ਦੀ ਨਿਖੇਧੀ ਕੀਤੀ ਹੈ ਤੇ ਇਸ ਨੂੰ ਗੈਰ-ਕਾਨੂੰਨੀ ਕਿਹਾ ਹੈ। ਰੂਸ ਦੇ ਇਸ ਕਦਮ ਨਾਲ ਹਾਲਾਤ ਤੇ ਵਿਗੜਨ ਦਾ ਖਦਸ਼ਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਡੋਨਬਾਸ (ਲੁਹਾਂਸਕ ਤੇ ਡੋਨੈਸਕ) ਦੀ ਆਜ਼ਾਦੀ ਨੂੰ ਰੂਸੀ ਫੌਜ ਦੀ ਕਾਰਵਾਈ ਦਾ ਮੰਤਵ ਦੱਸਿਆ ਹੈ। ਰੂਸੀ ਭਾਸ਼ਾ ਬੋਲਣ ਵਾਲਿਆਂ ਦੀ ਬਹੁਤਾਤ ਵਾਲੇ ਇਸ ਖੇਤਰ ਨੂੰ ਰੈਫਰੈਂਡਮ ਰਾਹੀਂ ਰੂਸ ’ਚ ਮਿਲਾਉਣ ਦੀ ਕਾਰਵਾਈ ਉਵੇਂ ਹੀ ਹੋ ਰਹੀ ਹੈ, ਜਿਵੇਂ 2014 ’ਚ ਰੂਸ ਨੇ ਯੂਕਰੇਨ ਦੇ ਕ੍ਰੀਮੀਆ ਟਾਪੂ ਨੂੰ ਮਿਲਾਇਆ ਗਿਆ ਸੀ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਰਸ ਨੇ ਰੂਸ ਨੂੰ ਇਸ ਰੈਫਰੈਂਡਮ ਨੂੰ ਰੋਕਣ ਦੀ ਅਪੀਲ ਕੀਤੀ ਹੈ। ਇਸਦੇ ਭਿਆਨਕ ਨਤੀਜਿਆਂ ਦੀ ਵੀ ਚਿਤਾਵਨੀ ਦਿੱਤੀ ਹੈ। ਯੂਕਰੇਨ ਨੇ ਕਿਹਾ ਹੈ ਕਿ ਖੇਤਰ ਦੇ ਲੋਕਾਂ ਨੂੰ ਮਤੇ ਦੇ ਪੱਖ ’ਚ ਵੋਟਾਂ ਪਾਉਣ ਲਈ ਧਮਕਾਇਆ ਜਾ ਰਿਹਾ ਹੈ। ਰੂਸ ’ਚ ਸ਼ਾਮਲ ਹੋਣ ਲਈ ਵੋਟ ਨਾ ਪਾਉਣ ’ਤੇ ਸਜ਼ਾ ਦੇਣ ਦੀ ਚਿਤਾਵਨੀ ਵੀ ਦਿੱਤੀ ਜਾ ਰਹੀ ਹੈ। ਜਨਤਕ ਵੋਟਿੰਗ ਵਾਲੇ ਖੇਤਰਾਂ ਦੇ ਜਿਹੜੇ ਲੋਕ ਰੂਸ ਚਲੇ ਗਏ ਹਨ, ਉਨ੍ਹਾਂ ਲਈ ਮਾਸਕੋ ’ਚ 20 ਵੋਟਿੰਗ ਕੇਂਦਰ ਬਣਾਏ ਗਏ ਹਨ। ਯੂਕਰੇਨ ਦੇ ਜਿੱਤੇ ਗਏ ਜਿਹੜੇ ਖੇਤਰਾਂ ’ਚ ਜਨਤਕ ਵੋਟਿੰਗ ਹੋ ਰਹੀ ਹੈ, ਉਹ ਦੇਸ਼ ਦਾ 15 ਫੀਸਦੀ ਹਿੱਸਾ ਹੈ। ਇਥੇ ਯੂਕਰੇਨ ਦਾ ਮੁੱਖ ਤਕਨੀਕੀ ਖੇਤਰ ਤੇ ਵੱਡੀ ਮਾਤਰਾ ’ਚ ਕੁਦਰਤੀ ਜਾਇਦਾਦ ਹੈ। ਜੇ ਇਸ ’ਤੇ ਰੂਸ ਦਾ ਕਬਜ਼ਾ ਕਾਇਮ ਰਹਿੰਦਾ ਹੈ ਤਾਂ ਯੂਕਰੇਨ ਨੂੰ ਆਉਣ ਵਾਲੇ ਸਮੇਂ ’ਚ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਹ ਰੂਸੀ ਕਬਜ਼ੇ ਨੂੰ ਨਹੀਂ ਮੰਨਣਗੇ ਤੇ ਹਰੇਕ ਇੰਚ ਜ਼ਮੀਨ ਆਜ਼ਾਦ ਹੋਣ ਤਕ ਜੰਗ ਜਾਰੀ ਰਹੇਗੀ, ਜਦਕਿ ਰੂਸ ਦੇ ਸਾਬਕਾ ਰਾਸ਼ਟਰਪਤੀ ਤੇ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਉਪ ਮੁਖੀ ਦਮਿੱਤਰੀ ਮੇਦਵੇਦੇਵ ਨੇ ਕਿਹਾ ਹੈ ਕਿ ਰੂਸ ’ਚ ਸ਼ਾਮਲ ਹੋਣ ਵਾਲੇ ਇਲਾਕਿਆਂ ’ਚ ਪਰਮਾਣੂ ਹਥਿਆਰਾਂ ਦੀ ਵੀ ਤਾਇਨਾਤੀ ਕੀਤੀ ਜਾਵੇਗੀ। ਉਨ੍ਹਾਂ ’ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਵਾਲਿਆਂ ਨਾਲ ਪੂਰੀ ਤਾਕਤ ਨਾਲ ਨਜਿੱਠਿਆ ਜਾਵੇਗਾ।