ਮੈਲਬੌਰਨ, 21 ਮਾਰਚ : ‘ਖਾਲਿਸਤਾਨ ਰੈਫਰੈਂਡਮ ਸਮਾਗਮ’ ਦੌਰਾਨ 29 ਜਨਵਰੀ ਨੂੰ ਹਿੰਸਾ ਕਰਨ ਵਾਲੇ 6 ਖਾਲਿਸਤਾਨ ਸਮਰਥਕਾਂ ਦੀਆਂ ਆਸਟ੍ਰੇਲੀਆ ਦੀ ਵਿਕਟੋਰੀਆ ਪੁਲਿਸ ਵੱਲੋਂ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਨੇ ਕਿਹਾ, "ਲੜਾਈ ਦੌਰਾਨ, ਕਈ ਲੋਕਾਂ ਨੇ ਝੰਡੇ ਦੇ ਪੋਲ ਨੂੰ ਹਥਿਆਰ ਵਜੋਂ ਵਰਤਿਆ, ਜਿਸ ਨਾਲ ਕਈ ਲੋਕ ਜ਼ਖਮੀ ਹੋ ਗਏ... ਇਕ ਸਮੂਹ ਨੇ ਇਕ ਭਾਰਤੀ ਝੰਡਾ ਵੀ ਸਾੜ ਦਿੱਤਾ।" ਪੁਲਿਸ ਅਨੁਸਾਰ ਇਸ ਦੌਰਾਨ ਕਈ ਲੋਕ ਗੰਭੀਰ ਜ਼ਖਮੀ ਹੋਏ ਸਨ। ਮੈਲਬੌਰਨ ਈਸਟ ਨੇਬਰਹੁੱਡ ਪੁਲਿਸਿੰਗ ਟੀਮ ਨੇ ਲੋਕਾਂ ਨੂੰ ਜਨਤਕ ਸਹਾਇਤਾ ਦੀ ਅਪੀਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਉਸੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਕੀ ਵਿਅਕਤੀਆਂ ਦੀ ਪਛਾਣ ਕਰਨ ਲਈ ਪੁਲਿਸ ਪੁੱਛਗਿੱਛ ਕਰ ਰਹੀ ਹੈ। ਜਾਂਚਕਰਤਾਵਾਂ ਨੇ ਛੇ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਸਬੰਧੀ ਉਹਨਾਂ ਦਾ ਮੰਨਣਾ ਹੈ ਕਿ ਉਹ ਉਹਨਾਂ ਦੀ ਪੁੱਛਗਿੱਛ ਵਿਚ ਸਹਾਇਤਾ ਕਰਨ ਦੇ ਯੋਗ ਹੋ ਸਕਦੇ ਹਨ। ਜਾਣਕਾਰੀ ਸਾਂਝੀ ਕਰਨ ਲਈ ਪੁਲਿਸ ਵਲੋਂ 1800 333 000 ਨੰਬਰ ਅਤੇ www.crimestoppersvic.com.au ਈਮੇਲ ਜਾਰੀ ਕੀਤੀ ਗਈ ਹੈ। ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਸ ਨੇ ਕਿਹਾ ਹੈ ਕਿ ਦੇਸ਼ ਵਿਚ ਅਜਿਹੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ।