ਨਿਊਜਰਸੀ, 19 ਅਕਤੂਬਰ : ਅਮਰੀਕਾ ਵਿੱਚ ਕਰਨਾਲ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨਿਊਜਰਸੀ ਵਿੱਚ ਭਾਰਤ ਨਰਵਾਲ ਅਤੇ ਉਸਦੇ ਦੋਸਤ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਨਰਵਾਲ ਸਾਈਪ੍ਰਸ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਅਮਰੀਕਾ ਆਇਆ ਸੀ। ਦੋਵੇਂ ਮ੍ਰਿਤਕ ਨੌਜਵਾਨ ਨਿਊਜਰਸੀ ਵਿੱਚ ਇੱਕ ਸਟੋਰ ਤੇ ਕੰਮ ਕਰਦੇ ਸਨ, ਜਦੋਂ ਉਹ ਸਟੋਰ ਤੋਂ ਕੰਮ ਖਤਮ ਕਰਨ ਉਪਰੰਤ ਘਰ ਜਾ ਰਹੇ ਸਨ ਤਾਂ ਰਸਤੇ ਵਿੱਚ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਤੇ ਉਨ੍ਹਾਂ ਦੀ ਗੱਡੀ ਸੜਕ ਤੇ ਡਿਵਾਈਡਰ ਨਾਲ ਟਕਰਾ ਗਈ। ਜਿਸ ਵਿੱਚ ਭਾਰਤ ਤੇ ਦੂਸਰੇ ਨੌਜਵਾਨ ਦੀ ਮੌਤ ਹੋ ਗਈ, ਜੋ ਕਿ ਮੈਕਸੀਕੋ ਦਾ ਸੀ। ਪੁੱਤਰ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਰੋ ਰੋ ਬੁਰਾ ਹਾਲ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਭਾਰਤ ਨਰਵਾਲ ਦੇ ਚਾਚੇ ਦੇ ਮੁੰਡੇ ਰਵਿੰਦਰ ਨਰਵਾਲ ਨੇ ਦੱਸਿਆ ਕਿ ਉਸਦੇ ਚਾਚਾ ਰਿਸ਼ੀਪਾਲ ਨੇ 40 ਲੱਖ ਦਾ ਕਰਜਾ ਚੁੱਕ ਕੇ ਆਪਣੇ ਪੁੱਤਰ ਭਾਰਤ ਨੂੰ ਅਮਰੀਕਾ ਭੇਜਿਆ ਸੀ, ਉਹ ਪਿਛਲੇ 8 ਮਹੀਨਿਆਂ ਤੋਂ ਨਿਊਜਰਸੀ ਵਿੱਚ ਕੰਮ ਕਰ ਰਿਹਾ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਰਿਸ਼ੀਪਾਲ ਨੇ ਦੱਸਿਆ ਕਿ ਭਾਰਤ ਨੇ ਉਸ ਨਾਲ ਇੱਕ ਦਿਨ ਪਹਿਲਾਂ ਹੀ ਫੋਨ ਤੇ ਗੱਲ ਕੀਤੀ ਸੀ ਤੇ ਕਿਹਾ ਸੀ ਕਿ ਪਾਪਾ ਟੈਨਸ਼ਨ ਨਾ ਲਿਓ, ਮੇਂ ਸਾਰਾ ਕਰਜਾ ਉਤਾਰ ਦੇਵਾਂਗਾ। ਪਰ ਉਨ੍ਹਾਂ ਕੀ ਪਤਾ ਸੀ ਕਿ ਉਸਦਾ ਇੱਕਲੌਤਾ ਲੜਕਾ ਉਨ੍ਹਾਂ ਨੁੰ ਛੱਡ ਕੇ ਇਸ ਦੁਨੀਆਂ ਤੋਂ ਬਹੁਤ ਦੂਰ ਚਲਾ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਮੱਦਦ ਕੀਤੀ ਜਾਵੇ, ਤਾਂ ਜੋ ਆਪਣੇ ਪੁੱਤ ਦੀਆਂ ਅੰਤਿਮ ਰਸ਼ਮਾਂ ਆਪਣੇ ਹੱਥੀ ਨਿਭਾ ਸਕਣ।