ਪੈਰਿਸ, 29 ਦਸੰਬਰ : ਫਰਾਂਸ ਦੇ ਮੋੌਂਟ ਬਲੈਂਕ 'ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਦੋ ਸਕਾਈਰ ਮਾਰੇ ਗਏ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਫ੍ਰੈਂਚ ਐਲਪਸ ਵਿਚ ਇਕ ਹੋਰ ਢਲਾਨ 'ਤੇ ਇਕ ਹਾਈਕਰ ਦੀ ਮੌਤ ਹੋ ਗਈ। ਹਾਉਟ-ਸਾਵੋਈ ਖੇਤਰ ਦੇ ਪ੍ਰਸ਼ਾਸਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਰਫ਼ਬਾਰੀ ਵੀਰਵਾਰ ਨੂੰ 2,300 ਮੀਟਰ (7,545 ਫੁੱਟ) ਦੀ ਉਚਾਈ 'ਤੇ ਸੇਂਟ-ਗਰਵੇਸ-ਲੇਸ-ਬੈਂਸ ਸਕੀ ਰਿਜੋਰਟ ਦੇ ਖੇਤਰ ਵਿੱਚ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਦਰਜਨਾਂ ਪਹਾੜੀ ਬਚਾਅ ਕਰਮਚਾਰੀਆਂ ਨੇ ਫਸੇ ਸਕਾਈਰਾਂ ਦੀ ਭਾਲ ਕੀਤੀ, ਜਿੱਥੇ ਇੱਕ ਆਦਮੀ ਅਤੇ ਇੱਕ ਔਰਤ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ ਅਤੇ ਪੰਜ ਹੋਰਾਂ ਨੂੰ ਬਚਾਇਆ ਗਿਆ। ਬਰਫ ਖਿਸਕਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੇਂਟ-ਗਰਵੇਸ ਦੇ ਮੇਅਰ ਜੀਨ-ਮਾਰਕ ਪੇਲੈਕਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਇਸ ਕਿਸਮ ਦੇ ਮੌਸਮ ਵਿੱਚ ਸਕੀਇੰਗ ਬਹੁਤ ਜੋਖਮ ਭਰੀ ਹੈ। ਉੱਤਰ ਵੱਲ ਇਕ 31 ਸਾਲਾ ਹਾਈਕਰ ਮਾਊਂਟ ਏਕ੍ਰੀਨਜ਼ ਦੀਆਂ ਢਲਾਣਾਂ 'ਤੇ ਡਿੱਗਣ ਤੋਂ ਬਾਅਦ ਮ੍ਰਿਤਕ ਪਾਇਆ ਗਿਆ। ਸਥਾਨਕ ਪ੍ਰਸਾਰਕ ਫਰਾਂਸ-ਬਲੂ ਨੇ ਬਚਾਅ ਕਰਮਚਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਹਾਈਕਰ ਪਹਾੜੀ ਬੱਕਰੀਆਂ ਨੂੰ ਦੇਖਣ ਲਈ ਆਪਣੇ ਦੋਸਤ ਨਾਲ ਪਗਡੰਡੀ ਤੋਂ ਭਟਕ ਗਿਆ ਸੀ।