ਨਿਊਯਾਰਕ, 27 ਮਾਰਚ : ਅਮਰੀਕਾ ਦੇ ਟੈਨੇਸੀ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਸਪਰਿੰਗਫੀਲਡ, ਪਲੇਜ਼ੈਂਟ ਵਿਊ, ਟੈਨੇਸੀ ਨੇੜੇ ਦੋ ਵਾਹਨਾਂ ਦੀ ਟੱਕਰ ਹੋ ਗਈ। ਸਿੱਟੇ ਵਜੋਂ ਸੱਤ ਸਾਲ ਦੇ ਬੱਚੇ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਣ 'ਤੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। 1-18 ਸਾਲ ਦੀਆਂ ਪੰਜ ਲੜਕੀਆਂ ਅਤੇ ਇੱਕ ਔਰਤ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਪੀੜਤਾਂ ਦੇ ਵੇਰਵਿਆਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਾਦਸੇ ਤੋਂ ਬਾਅਦ ਅਧਿਕਾਰੀਆਂ ਨੇ ਹਾਈਵੇਅ 'ਤੇ ਕੁਝ ਘੰਟਿਆਂ ਲਈ ਆਵਾਜਾਈ ਰੋਕ ਦਿੱਤੀ। ਰੌਬਰਟਸਨ ਕਾਉਂਟੀ ਦੇ ਆਫਿਸ ਆਫ ਐਮਰਜੈਂਸੀ ਮੈਨੇਜਮੈਂਟ ਸਰਵਿਸਿਜ਼ ਦੇ ਮੁਖੀ ਬ੍ਰੈਂਟ ਡਾਇਰ ਨੇ ਦੱਸਿਆ ਕਿ ਹਾਦਸੇ 'ਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਅਧਿਕਾਰੀਆਂ ਵਲੋਂ ਇੱਕ ਰੀਲੀਜ਼ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਲੜਕੀਆਂ ਅਧਿਕਾਰੀਆਂ ਨੂੰ ਮ੍ਰਿਤਕ ਮਿਲੀਆਂ ਸਨ। ਐਮਰਜੈਂਸੀ ਵਿਭਾਗ ਦੇ ਮੁਲਾਜ਼ਮਾਂ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਮੌਕੇ ਤੋਂ ਇੱਕ ਛੋਟੀ ਬੱਚੀ (ਉਮਰ ਕਰੀਬ ਇੱਕ ਸਾਲ) ਸਮੇਤ 6 ਲੜਕੀਆਂ ਕਾਰ ਦੇ ਬਾਹਰ ਮ੍ਰਿਤਕ ਮਿਲੀਆਂ। ਜਾਣਕਾਰੀ ਅਨੁਸਾਰ ਇਨ੍ਹਾਂ ਦੀ ਉਮਰ ਕਰੀਬ 18 ਸਾਲ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਇੱਕ ਹੋਰ ਬਾਲਗ ਲੜਕੀ, ਜਿਸ ਨੂੰ ਕਾਰ ਦੇ ਵਿਚੋਂ ਕੱਢਿਆ ਗਿਆ, ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਬਚਾਅ ਅਧਿਕਾਰੀਆਂ ਨੇ ਉਕਤ ਲੜਕੀ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਕਾਰ ਦੀ ਜਿਸ ਗੱਡੀ ਨਾਲ ਟੱਕਰ ਹੋਈ ਸੀ ਉਸ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਫਿਲਹਾਲ ਟੈਨੇਸੀ ਹਾਈਵੇ ਪੈਟਰੋਲ ਏਜੰਸੀ ਵਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਵਿਚ ਮਰਨ ਵਾਲੀਆਂ ਲੜਕੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਇਹ ਸਪਸ਼ਟ ਹੋਇਆ ਹੈ ਕਿ ਉਕਤ ਲੜਕੀਆਂ ਦਾ ਇੱਕ ਦੂਜੇ ਨਾਲ ਕੀ ਸਬੰਧ ਸੀ।