ਕਾਹਿਰਾ, 11 ਸਤੰਬਰ : ਲੀਬੀਆ ਵਿਚ ਤੂਫਾਨ ਡੈਨੀਅਲ ਨੇ ਭਾਰੀ ਤਬਾਹੀ ਮਚਾਈ ਹੈ। ਤੂਫਾਨ ਕਾਰਨ ਹੁਣ ਤੱਕ 150 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 200 ਤੋਂ ਵੱਧ ਲਾਪਤਾ ਹਨ। ਲੀਬੀਆ ਦੇ ਸਿਹਤ ਮੰਤਰੀ ਅਬਦੁਲ ਜਲੀਲ ਨੇ ਦਸਿਆ ਕਿ ਭਾਰੀ ਮੀਂਹ ਅਤੇ ਤੂਫਾਨੀ ਹਵਾਵਾਂ ਕਾਰਨ ਬਚਾਅ ਕਾਰਜਾਂ ਵਿਚ ਵੀ ਕਾਫੀ ਮੁਸ਼ਕਲ ਹੋ ਰਹੀ ਹੈ। ਦੇਸ਼ ਦੇ ਪੂਰਬੀ ਹਿੱਸੇ ਵਿਚ ਹਜ਼ਾਰਾਂ ਘਰ ਅਜਿਹੇ ਹਨ ਜਿਥੇ ਦੋ ਦਿਨਾਂ ਤੋਂ ਬਿਜਲੀ ਨਹੀਂ ਹੈ। ਇਕ ਰੀਪੋਰਟ ਮੁਤਾਬਕ ਪੁਰਾਣੀ ਇਮਾਰਤ ਦੇ ਡਿੱਗਣ ਨਾਲ ਉਸ ਵਿਚ ਰਹਿ ਰਹੇ ਸਾਰੇ 12 ਲੋਕਾਂ ਦੀ ਮੌਤ ਹੋ ਗਈ। ਸਰਕਾਰ ਨੇ ਜ਼ਿਆਦਾਤਰ ਹਿੱਸਿਆਂ ਵਿਚ ਐਮਰਜੈਂਸੀ ਲਗਾ ਦਿਤੀ ਹੈ। ਮੀਡੀਆ ਰੀਪੋਰਟਾਂ ਮੁਤਾਬਕ ਲੀਬੀਆ 'ਚ ਪੰਜ ਦਿਨਾਂ ਤੋਂ ਮੀਂਹ ਪੈ ਰਿਹਾ ਸੀ ਪਰ ਸ਼ਨਿਚਰਵਾਰ ਅਤੇ ਐਤਵਾਰ ਨੂੰ ਇਥੇ ਤੇਜ਼ ਹਵਾਵਾਂ ਚੱਲੀਆਂ ਅਤੇ ਇਸ ਤੋਂ ਬਾਅਦ ਵੱਡੇ ਸ਼ਹਿਰਾਂ 'ਚ ਵੀ ਹੜ੍ਹ ਆ ਗਏ। ਦੇਸ਼ ਦੇ ਪੂਰਬੀ ਹਿੱਸੇ ਵਿਚ ਸੱਭ ਤੋਂ ਮਾੜੀ ਸਥਿਤੀ ਹੈ। ਇਥੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਕਰੀਬ ਇਕ ਹਫ਼ਤੇ ਤੋਂ ਬੰਦ ਹਨ। ਸਰਕਾਰ ਦੇ ਕਈ ਮੰਤਰੀ ਵੀ ਅਪਣੇ ਦਫ਼ਤਰ ਨਹੀਂ ਪਹੁੰਚ ਸਕੇ। ਇਹ ਮੀਂਹ ਡੈਨੀਅਲ ਤੂਫਾਨ ਕਾਰਨ ਹੋ ਰਿਹਾ ਹੈ। ਪਿਛਲੇ ਹਫ਼ਤੇ ਵੀ ਯੂਰਪ ਵਿਚ ਇਸ ਤੂਫ਼ਾਨ ਕਾਰਨ 18 ਲੋਕਾਂ ਦੀ ਮੌਤ ਹੋ ਗਈ ਸੀ। ਹਾਲਾਂਕਿ ਇਸ ਸਮੇਂ ਲੀਬੀਆ ਵਿਚ ਕਰਫਿਊ ਲਗਾ ਦਿਤਾ ਗਿਆ ਸੀ। ਸਰਕਾਰ ਦਾ ਕਹਿਣਾ ਹੈ ਕਿ ਕੁੱਝ ਲੋਕ ਸਥਿਤੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਸਨ। ਬੀਬੀਸੀ ਦੀ ਇਕ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਲੀਬੀਆ ਦੀ ਫੌਜ ਦੇ 7 ਸੈਨਿਕ ਮਾਰੇ ਗਏ ਹਨ, ਜਦਕਿ ਕਈ ਲਾਪਤਾ ਹਨ। ਇਹ ਸਾਰੇ ਬਚਾਅ ਕਾਰਜ ਲਈ ਬਣਾਈ ਗਈ ਵਿਸ਼ੇਸ਼ ਟੀਮ ਦਾ ਹਿੱਸਾ ਸਨ। ਬੇਨਗਾਜ਼ੀ ਦੇ ਇਕ ਅਧਿਕਾਰੀ ਨੇ ਕਿਹਾ- ਸਥਿਤੀ ਬਹੁਤ ਖਰਾਬ ਹੈ ਅਤੇ ਸਰਕਾਰ ਲੋਕਾਂ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਜੇਕਰ ਬਰਸਾਤ ਜਲਦੀ ਨਾ ਰੁਕੀ ਤਾਂ ਸਮੱਸਿਆਵਾਂ ਖਤਰਨਾਕ ਪੱਧਰ ਤਕ ਪਹੁੰਚ ਜਾਣਗੀਆਂ। ਬੇਨਗਾਜ਼ੀ ਅਤੇ ਮਿਸਤਰਾ ਸ਼ਹਿਰਾਂ ਵਿਚ ਸਥਿਤੀ ਸਭ ਤੋਂ ਖਰਾਬ ਹੈ। ਲੀਬੀਆ ਵਿਚ ਕੁੱਲ ਚਾਰ ਬੰਦਰਗਾਹਾਂ ਹਨ ਜਿਥੋਂ ਦੂਜੇ ਦੇਸ਼ਾਂ ਨੂੰ ਤੇਲ ਦੀ ਸਪਲਾਈ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਖ਼ਤਰੇ ਨੂੰ ਦੇਖਦਿਆਂ ਸਰਕਾਰ ਨੇ ਹੰਗਾਮੀ ਮੀਟਿੰਗ ਕੀਤੀ ਅਤੇ ਬਾਅਦ ਵਿਚ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ।