- ਦਸਤਾਰ ਸਜਾ ਕੇ ਭਾਗ ਲੈਣ ਤੇ ਲੰਡਨ ਦੇ ਸਿੱਖਾਂ ਨੇ ਪੂਰਾ ਮਾਣ ਸਤਿਕਾਰ ਦਿੱਤਾ : ਪ੍ਰਭਦੀਪ ਕੌਰ
ਲੰਡਨ, 21 ਨਵੰਬਰ : ਪੰਜਾਬੀ ਕੁੜੀ ਪ੍ਰਭਦੀਪ ਕੌਰ ਕੈਲੀਫੋਰਨੀਆ ਨੇ ਲੰਡਨ ਦੇ ਲੈਕਮੇ ਫੈਸ਼ਨ ਸ਼ੋਅ ਵੀਕ ’ਚ ਪਹਿਲੀ ਵਾਰ ਸਿੱਖੀ ਸਰੂਪ ਵਿਚ ਦਸਤਾਰ ਬੰਨ੍ਹ ਕੇ ਸ਼ੋਅ ਵਿਚ ਜਲਵਾ ਦਿਖਾ ਕੇ ਸਿੱਖ ਕੌਮ ਦਾ ਨਾਂ ਦੁਨੀਆਂ ਭਰ ਵਿਚ ਰੋਸ਼ਨ ਕੀਤਾ ਹੈ। ਹਾਲ ਹੀ ਵਿਚ ਕੈਲੀਫੋਰਨੀਆ ਤੋਂ ਜਾ ਕੇ ਲੰਡਨ ‘ਚ ਲੈਕਮੇ ਫੈਸ਼ਨ ਵੀਕ ਸ਼ੋਅ ਵਿਚ ਦਸਤਾਰ ਸਜਾ ਕੇ ਭਾਗ ਲੈਣ ਵਾਲੀ ਪ੍ਰਭਦੀਪ ਕੌਰ ਨੇ ਦੱਸਿਆ ਕਿ ਲੰਡਨ ਵਿਚ ਲੈਕਮੇ ਫੈਸ਼ਨ ਵੀਕ ਸ਼ੋਅ ਵਿਚ ਦਸਤਾਰ ਸਜਾ ਕੇ ਭਾਗ ਲੈਣ ਤੇ ਲੰਡਨ ਦੇ ਸਿੱਖਾਂ ਵੱਲੋਂ ਜਿੱਥੇ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ, ਉੱਥੇ ਵੱਖ-ਵੱਖ ਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਵੱਲੋਂ ਵੀ ਸਿੱਖੀ ਦੀ ਪਛਾਣ ਦਸਤਾਰ ਸਜਾ ਕੇ ਸ਼ੋਅ ਵਿਚ ਭਾਗ ਲੈਣ ਦੀ ਪ੍ਰਸ਼ੰਸਾ ਕੀਤੀ ਹੈ। ਪ੍ਰਭਦੀਪ ਕੌਰ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਆਪਣੀ ਇੱਛਾ ਅਨੁਸਾਰ ਦਸਤਾਰ ਸਜਾ ਕੇ ਸਕੂਲ ਜਾਂਦੀ ਸੀ ਜਿਸ ਸਬੰਧੀ ਸਕੂਲ ਅਧਿਆਪਕਾਂ ਵੱਲੋਂ ਕਈਵਾਰ ਉਸ ਦੀ ਮਾਤਾ ਨੂੰ ਦਸਤਾਰ ਸਜਾਉਣ ਸਬੰਧੀ ਵੀ ਕਿਹਾ ਗਿਆ ਸੀ ਅਤੇ ਮੇਰੀ ਮਾਂ ਨੇ ਹਮੇਸ਼ਾ ਇਹ ਕਿਹਾ ਸੀ ਕਿ ਇਹ ਮੇਰੀ ਧੀ ਦੀ ਆਪਣੇ ਦਿਲ ਦੀ ਖ਼ਾਹਿਸ਼ ਹੈ। ਪ੍ਰਭਦੀਪ ਕੌਰ ਨੇ ਕਿਹਾ ਕਿ ਉਸ ਦਾ ਸਪਨਾ ਸੀ ਕਿ ਗੁਰੂਆਂ ਦੀ ਬਖ਼ਸ਼ਿਸ਼ ਦਾਤ ਵਜੋਂ ਪ੍ਰਾਪਤ ਹੋਈ ਦਸਤਾਰ (ਪਗੜੀ) ਦੀ ਪਛਾਣ ਦੁਨੀਆਂ ਦੇ ਕੋਨੇ- ਕੋਨੇ ’ਚ ਹੋਵੇ। ਪ੍ਰਭਦੀਪ ਕੌਰ ਨੇ ਕਿਹਾ ਕਿ ਕੈਲੀਫੋਰਨੀਆ ਵਿਚ ਉਹ ਸਾਊਥ ਇੰਡੀਆ ਨਾਲ ਸਬੰਧਿਤ ਪਰਨੀਤੀ ਦੇ ਸਹਿਯੋਗ ਨਾਲ ਹੀ ਲੰਡਨ ਵਿਚ ਦਸਤਾਰ ਫੈਸ਼ਨ ਸ਼ੋਅ ਵਿਚ ਭਾਗ ਲੈ ਚੁੱਕੀ ਹੈ। ਉਸ ਨੇ ਕਿਹਾ ਕਿ ਇਸ ਸ਼ੋਅ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਸ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰੰਤੂ ਉਸਨੇ ਹਿੰਮਤ ਨਹੀਂ ਹਾਰੀ। ਉਸ ਨੇ ਦੱਸਿਆ ਕਿ ਫੈਸ਼ਨ ਸ਼ੋਅ ਦੌਰਾਨ ਉਸ ਨੂੰ ਮੇਕਅਪ ਕਰਦੇ ਸਮੇਂ ਕਈ ਵਾਰ ਪੱਗ ਉਤਾਰ ਕੇ ਪਾਸੇ ਰੱਖਣੀ ਪੈਂਦੀ ਸੀ। ਉਸਨੇ ਨੇ ਦੱਸਿਆ ਕਿ ਉਹ ਕੈਲੀਫੋਰਨੀਆ ਦੇ ਕਾਊਂਟੀ ਹਸਪਤਾਲ ਤੋਂ ਇਲਾਵਾ ਮਟੀਕਾ ਵਿਚ ਹਸਪਤਾਲ ’ਚ ਨਰਸ ਦਾ ਕੰਮ ਕਰਦੀ ਹੈ ਅਤੇ ਉਸ ਨੇ ਪੈਸਿਆਂ ਦੀ ਖ਼ਾਤਰ ਨਹੀਂ ਆਪਣੀ ਸਿੱਖ ਕੌਮ ਦੀ ਪਛਾਣ ਦਸਤਾਰ ਨੂੰ ਦੁਨੀਆਂ ਭਰ ਵਿਚ ਪ੍ਰਫੁੱਲਤ ਕਰਨ ਦੇ ਮਨੋਰਥ ਨਾਲ ਫੈਸ਼ਨ ਸ਼ੋਅ ਵਿਚ ਭਾਗ ਲਿਆ ਹੈ। ਉਸਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਸਾਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਪਹੁੰਚਣ ਲਈ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ। ਲੰਡਨ ਵਿਚ ਲੈਕਮੇ ਫੈਸ਼ਨ ਸ਼ੋਅ ਵਿਚ ਦਸਤਾਰ ਸਬੰਧੀ ਫੈਸ਼ਨ ਸ਼ੋਅ ਕਰ ਕੇ ਉਹ ਖ਼ੁਦ ਨੂੰ ਖ਼ੁਸ਼ਨਸੀਬ ਸਮਝਦੀ ਹੈ ਅਤੇ ਉਹ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਹਮੇਸ਼ਾ ਯਤਨਸ਼ੀਲ ਹੈ। ਇਥੇ ਦੱਸਣਯੋਗ ਹੈ ਕਿ ਪ੍ਰਭਦੀਪ ਕੌਰ ਕਸਬਾ ਕਲਾਨੌਰ ਦੇ ਸੇਵਾਮੁਕਤ ਹੈਲਥ ਇੰਸਪੈਕਟਰ ਦਿਲਬਾਗ ਸਿੰਘ ਸੰਧੂ ਦੀ ਧੀ ਹੈ।