ਸਰੀ : ਤਰਕਸ਼ੀਲ ਸੋਸਾਇਟੀ ਕੈਨੇਡਾ ਵੱਲੋਂ ਅੱਜ ਇੱਥੇ ਤਾਜ ਪਾਰਕ ਵਿਚ ਕਰਵਾਏ ਗਏ ਸਲਾਨਾ ਮੇਲੇ ਵਿਚ ਨਾਮਵਰ ਨਾਟਕਕਾਰ ਡਾ. ਸਾਹਿਬ ਸਿੰਘ ਵੱਲੋਂ ਪੇਸ਼ ਕੀਤੇ ਗਏ ਨਾਟਕ ‘ਧੰਨ ਲਿਖਾਰੀ ਨਾਨਕਾ’ ਨੂੰ ਵੱਡੀ ਗਿਣਤੀ ਵਿਚ ਲੇਖਕਾਂ, ਵਿਦਵਾਨਾਂ, ਮੀਡੀਆ ਕਰਮੀਆਂ ਅਤੇ ਅਗਾਂਹਵਧੂ ਸੋਚ ਵਾਲੇ ਸੂਝਵਾਨ ਸਰੀ ਵਾਸੀਆਂ ਨੇ ਮਾਣਿਆਂ। ਵਿਸ਼ਾਲ ਕੈਨਵਸ ਦੇ ਇਸ ਨਾਟਕ ਵਿਚ ਡਾ. ਸਾਹਿਬ ਸਿੰਘ ਵੱਲੋਂ ਸਮਾਜਿਕ, ਧਾਰਮਿਕ, ਰਾਜਨੀਤਕ, ਆਰਥਿਕ ਅਤੇ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਦੀ ਬਹੁਤ ਹੀ ਕਲਾਤਮਿਕ, ਭਾਵਪੂਰਤ ਅਤੇ ਦਿਲਕਸ਼ ਢੰਗ ਨਾਲ ਕੀਤੀ ਪੇਸ਼ਕਾਰੀ ਨੇ ਹਰੇਕ ਦਰਸ਼ਕ ਦਾ ਮਨ ਮੋਹ ਲਿਆ। ਕਿਸਾਨੀ ਦਾ ਦੁਖਾਂਤ, ਗਰੀਬੀ ਦੀ ਦਾਸਤਾਨ, ਅਗਾਂਹਵਧੂ ਸੋਚ ਵਾਲੇ ਲੋਕਾਂ ਸਾਹਵੇਂ ਕਦਮ ਦਰ ਕਦਮ ਖੜ੍ਹੀਆਂ ਚੁਣੌਤੀਆਂ, ਜੱਲਿਆਂ ਵਾਲੇ ਬਾਗ ਦਾ ਖੂਨੀ ਸਾਕਾ, ਆਪਰੇਸ਼ਨ ਬਲਿਊ ਸਟਾਰ, 84 ਦਾ ਦਰਦਨਾਕ ਦੁਖਾਂਤ, ਪੰਜਾਬ ਦੀ ਇਤਿਹਾਸਕ ਤੇ ਸੂਰਮਗਤੀ ਦੀ ਗਾਥਾ, ਦੇਸ਼ ਭਗਤੀ, ਜਬਰ ਜ਼ੁਲਮ ਨਾਲ ਟੱਕਰ, ਮਾਤਾ ਗੁਜਰੀ ਦੇ ਅਸ਼ੀਰਵਾਦ, ਗੁਰੂ ਤੇਗ ਬਹਾਦਰ ਦੀ ਸ਼ਹਾਦਤ, ਬਾਬਾ ਨਾਨਕ ਤੇ ਧਾਰਮਿਕ ਹੱਟਾਂ ਚਲਾ ਰਹੇ ਤੋਤਾ ਰਟਨ ਲੋਕਾਂ ਦੀ ਅਸਲ ਤਸਵੀਰ, ਗੁਰੂ ਗੋਬਿੰਦ ਸਿੰਘ ਦੇ ਪੰਜ ਸਿੰਘਾਂ ਦੇ ਸੀਸਾਂ ਦੀ ਉਪਜ, ਸੀਸ ਕਦੇ ਨਾ ਮਰਨ ਦੀ ਗੱਲ, ਚਾਰ ਚੁਫੇਰੇ ਵਿਸ਼ਾਲ ਪੱਧਰ ਤੇ ਪਸਰੀ ਪਾਪ ਦੀ ਜੰਞ ਅਤੇ ਜਾਗਦੇ ਸਿਰਾਂ ਦੀ ਬਾਤ ਪਾਉਂਦਾ ਇਹ ਨਾਟਕ ਦਰਸ਼ਕ-ਮਨਾਂ ਨੂੰ ਧੁਰ ਅੰਦਰ ਤੀਕ ਝੰਜੋੜ ਗਿਆ। ਖਚਾਖਚ ਭਰੇ ਹਾਲ ਵਿਚ ਦਰਸ਼ਕਾਂ ਨੇ ਪੌਣੇ ਦੇ ਘੰਟੇ ਸਾਹ ਰੋਕ ਕੇ ਇਕ ਇਕ ਡਾਇਲਾਗ ਸੁਣਿਆ ਅਤੇ ਭਰਪੂਰ ਤਾੜੀਆਂ ਨਾਲ ਦਾਦ ਦਿੱਤੀ। ਇਕ ਲੇਖਕ ਨੂੰ ਲੋਕ-ਪੱਖੀ ਲੇਖਣੀ ਪ੍ਰਤੀ ਸੁਚੇਤ ਕਰਦਾ ਹੋਇਆ ਅਤੇ ਅਣਖੀ ਪਹਿਚਾਣ ਤੇ ਸ਼ਾਨ ਵਾਲੀਆਂ ਗਾਥਾਵਾਂ ਲਿਖਣ ਦੇ ਸੁਨੇਹੇ ਨਾਲ ਸਮਾਪਤ ਹੋਇਆ ਇਹ ਨਾਟਕ ਕਲਾ ਪ੍ਰੇਮੀਆਂ ਦੇ ਮਨਾਂ ਉੱਪਰ ਅਮਿੱਟ ਛਾਪ ਛੱਡ ਗਿਆ। ਸਮਾਪਤੀ ਦੇ ਉਹ ਪਲ ਬੇਹੱਦ ਭਾਵੁਕ ਸਨ ਜਦੋਂ ਸਮੂਹ ਦਰਸ਼ਕਾਂ ਨੇ ਖੜ੍ਹੇ ਹੋ ਕੇ ਲਗਾਤਾਰ ਕਈ ਮਿੰਟ ਤਾੜੀਆਂ ਨਾਲ ਨਾਟਕ ਦੀ ਪੇਸ਼ਕਾਰੀ ਅਤੇ ਡਾ. ਸਾਹਿਬ ਸਿੰਘ ਦੀ ਪ੍ਰਭਾਵਸ਼ਾਲੀ ਅਦਾਕਾਰੀ ਦਾ ਆਪਣੇ ਦਿਲੀ ਸ਼ੁਕਰਾਨਾ ਅਦਾ ਕੀਤਾ ਅਤੇ ਡਾ. ਸਾਹਿਬ ਸਿੰਘ ਨੇ ਹੱਥ ਜੋੜ ਕੇ ਬਹੁਤ ਹੀ ਨਿਮਰਤਾ ਨਾਲ ਇਹ ਸ਼ੁਕਰਾਨਾ ਕਬੂਲ ਕੀਤਾ। ਇਸ ਮੌਕੇ ਡਾ. ਸਾਹਿਬ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਿਦੇਸ਼ਾਂ ਵਿਚ ਬੜੇ ਸ਼ੋਅ ਕੀਤੇ ਹਨ ਪਰ ਏਨੀ ਵੱਡੀ ਗਿਣਤੀ ਵਿਚ ਬਹੁਤ ਹੀ ਸੁਹਿਰਦ ਲੋਕਾਂ ਵੱਲੋਂ ਕਿਸੇ ਪੇਸ਼ਕਾਰੀ ਨੂੰ ਗਹੁ ਨਾਲ ਦੇਖਣਾ, ਮਾਣਨਾ ਸਰੀ ਵਾਸੀਆਂ ਦੇ ਹਿੱਸੇ ਹੀ ਆਇਆ ਹੈ। ਮੇਲੇ ਦੀ ਸ਼ੁਰੂਆਤ ਤਰਕਸ਼ੀਲ ਸੁਸਾਇਟੀ ਦੇ ਆਗੂ ਨਿਰਮਲ ਕਿੰਗਰਾ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਗੁਰਵਿੰਦਰ ਨੇ ਪ੍ਰੋ. ਰਵਿੰਦਰ ਭੱਠਲ ਦੀ ਨਜ਼ਮ ‘ਪੰਜਾਬ ਕੌਰ’ ਨੂੰ ਬਹੁਤ ਭਾਵੁਕ ਲਹਿਜ਼ੇ ਵਿਚ ਪੇਸ਼ ਕਰਕੇ ਦਰਸ਼ਕਾਂ ਨੂੰ ਇਸ ਪ੍ਰੋਗਰਾਮ ਦੀ ਗੰਭੀਰਤਾ ਦਾ ਅਹਿਸਾਸ ਕਰਵਾ ਦਿੱਤਾ ਸੀ। ਸਰਬਜੀਤ ਉੱਖਲਾ ਵੱਲੋਂ ਪੇਸ਼ ਕੀਤੀ ਗਈ ਸਕਿੱਟ ‘ਫੈਸਲਾ ਤੁਹਾਡੇ ਹੱਥ’ ਅੰਧ-ਵਿਸ਼ਵਾਸ ਦੇ ਅੰਧਕਾਰ ਵਿਚ ਵਿਗਿਆਨਕ ਜੋਤ ਜਗਾ ਗਈ। ਸੁਸਾਇਟੀ ਦੇ ਪ੍ਰਧਾਨ ਅਵਤਾਰ ਬਾਈ ਨੇ ਇਸ ਪ੍ਰੋਗਰਾਮ ਦੇ ਸਹਿਯੋਗੀਆਂ ਅਤੇ ਦਰਸ਼ਕਾਂ ਦਾ ਦਿਲੀ ਧੰਨਵਾਦ ਕੀਤਾ।