ਦੱਖਣੀ ਕੋਰੀਆ ‘ਚ ਜਹਾਜ਼ ਕਰੈਸ਼, ਲੈਂਡਿੰਗ ਗੀਅਰ ‘ਚ ਖਰਾਬੀ ਕਾਰਨ ਵਾਪਰਿਆ ਹਾਦਸਾ, 179 ਲੋਕਾਂ ਦੀ ਮੌਤ ਦਾ ਖਦਸ਼ਾ 

ਮੁਆਨ, 29 ਦਸੰਬਰ 2024 : ਦੱਖਣੀ ਕੋਰੀਆ ਵਿੱਚ ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਜਹਾਜ਼ ਰਨਵੇਅ ਤੋਂ ਫਿਸਲ ਗਿਆ। ਇਸ ਹਾਦਸੇ 'ਚ 179 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ ਅਤੇ ਜ਼ਖਮੀ ਯਾਤਰੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਥਾਈਲੈਂਡ ਤੋਂ ਵਾਪਸ ਆ ਰਿਹਾ ਸੀ। ਜਹਾਜ਼ ਦੱਖਣੀ ਕੋਰੀਆ ਦੇ ਮੁਆਨ ਹਵਾਈ ਅੱਡੇ 'ਤੇ ਉਤਰ ਰਿਹਾ ਸੀ। ਇਸ ਦੌਰਾਨ ਉਹ ਰਨਵੇ 'ਤੇ ਫਿਸਲ ਗਿਆ ਅਤੇ ਇਕ ਕੰਧ ਨਾਲ ਟਕਰਾ ਗਿਆ। ਇਸ ਕਾਰਨ ਜਹਾਜ਼ ਨੂੰ ਅੱਗ ਲੱਗ ਗਈ। ਸਥਾਨਕ ਮੀਡੀਆ ਸੰਸਥਾ ਕੇਬੀਐਸ ਵਰਲਡ ਮੁਤਾਬਕ ਹੁਣ ਤਕ 179 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਹੋਰ ਵਧ ਸਕਦਾ ਹੈ। ਇਸ ਹਾਦਸੇ 'ਚ ਕਈ ਯਾਤਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਇਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਯੋਨਹਾਪ ਨਿਊਜ਼ ਏਜੰਸੀ ਮੁਤਾਬਕ ਜੇਜੂ ਏਅਰਲਾਈਨਜ਼ ਦੀ ਫਲਾਈਟ 2216 ਥਾਈਲੈਂਡ ਤੋਂ ਵਾਪਸ ਆ ਰਹੀ ਸੀ। ਸਥਾਨਕ ਅਧਿਕਾਰੀਆਂ ਮੁਤਾਬਕ ਹੁਣ ਤਕ ਦੋ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਜਹਾਜ਼ ਦੇ ਪਿਛਲੇ ਹਿੱਸੇ ਤੋਂ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਜਹਾਜ਼ ਵਿੱਚ ਕੁੱਲ 181 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ 175 ਯਾਤਰੀ ਅਤੇ ਛੇ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਸਨ। ਹਾਦਸੇ ਵਾਲੀ ਥਾਂ ਤੋਂ ਕਾਲੇ ਧੂੰਏਂ ਦਾ ਗੁਬਾਰ ਉੱਠਦਾ ਦਿਖਾਈ ਦੇ ਰਿਹਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹਾਦਸਾ ਸੰਭਵ ਤੌਰ 'ਤੇ ਪੰਛੀਆਂ ਦੇ ਟਕਰਾਉਣ ਕਾਰਨ ਵਾਪਰਿਆ ਹੈ, ਜਿਸ ਕਾਰਨ ਲੈਂਡਿੰਗ ਸਮੇਂ ਗੇਅਰ 'ਚ ਤਕਨੀਕੀ ਖਰਾਬੀ ਆ ਗਈ ਸੀ। ਨੈਸ਼ਨਲ ਫਾਇਰ ਏਜੰਸੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਲੱਗੀ ਅੱਗ ਲਗਪਗ ਬੁਝ ਗਈ ਹੈ। ਖ਼ਬਰ ਲਿਖੇ ਜਾਣ ਤੱਕ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਜਹਾਜ਼ 'ਚੋਂ ਜਿਨ੍ਹਾਂ ਦੋ ਲੋਕਾਂ ਨੂੰ ਜ਼ਿੰਦਾ ਕੱਢਿਆ ਗਿਆ, ਉਹ ਇਕ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਹਨ।

ਪੰਛੀ ਦੇ ਟਕਰਾਉਣ ਕਾਰਨ ਜਹਾਜ਼ ਦੀ ਲੈਂਡਿੰਗ ਵਿੱਚ ਆਈ ਦਿੱਕਤ : ਰਿਪੋਰਟ
ਹਵਾਈ ਅੱਡੇ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਇਲਟ ਨੇ ਰੂਟੀਨ ਲੈਂਡਿੰਗ ਦੀ ਕੋਸ਼ਿਸ਼ ਅਸਫਲ ਹੋਣ ਤੋਂ ਬਾਅਦ ਕਰੈਸ਼ ਲੈਂਡਿੰਗ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇੱਕ ਪੰਛੀ ਦੇ ਟਕਰਾਉਣ ਕਾਰਨ ਜਹਾਜ਼ ਦੀ ਲੈਂਡਿੰਗ ਵਿੱਚ ਦਿੱਕਤ ਆਈ। ਜਿਵੇਂ ਹੀ ਪੰਛੀ ਟਕਰਾਇਆ, ਜਹਾਜ਼ ਦਾ ਲੈਂਡਿੰਗ ਗੀਅਰ ਖਰਾਬ ਹੋ ਗਿਆ। ਜਹਾਜ਼ ਨੇ ਬਿਨਾਂ ਲੈਂਡਿੰਗ ਗੀਅਰ ਦੇ ਉਤਰਨ ਦੀ ਕੋਸ਼ਿਸ਼ ਕੀਤੀ ਅਤੇ ਫਿਸਲ ਗਿਆ। ਸਾਬਕਾ ਪਾਇਲਟ ਸਮੇਤ ਸੋਸ਼ਲ ਮੀਡੀਆ ਯੂਜ਼ਰਜ਼ ਨੇ ਵੀ ਇਸ ਹਾਦਸੇ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਇਕ ਯੂਜ਼ਰ ਨੇ ਕਿਹਾ, 3 ਕਿਲੋਮੀਟਰ ਤੋਂ ਘੱਟ ਲੰਬੇ ਰਨਵੇ 'ਤੇ ਲੈਂਡ ਕਰਦੇ ਸਮੇਂ ਜਹਾਜ਼ ਦੀ ਤੇਜ਼ ਰਫਤਾਰ ਵੀ ਇਸ ਦਾ ਕਾਰਨ ਹੋ ਸਕਦੀ ਹੈ। ਦੂਜਿਆਂ ਨੇ ਪੁੱਛਿਆ ਹੈ ਕਿ ਜੇਕਰ ਇਹ ਯੋਜਨਾਬੱਧ ਬੇਲੀ ਲੈਂਡਿੰਗ ਸੀ ਤਾਂ ਰਨਵੇ ਦੇ ਨੇੜੇ ਫਾਇਰਫਾਈਟਰਾਂ ਨੂੰ ਕਿਉਂ ਨਹੀਂ ਤਾਇਨਾਤ ਕੀਤਾ ਗਿਆ ਸੀ। ਇਕ ਹੋਰ ਸਵਾਲ ਇਹ ਹੈ ਕਿ, ਏਅਰਕ੍ਰਾਫਟ ਟ੍ਰੈਜੈਕਟਰੀ ਦਰਸਾਉਂਦੀ ਹੈ ਕਿ ਬੇਲੀ ਲੈਂਡਿੰਗ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਜਹਾਜ਼ ਨੇ ਚੱਕਰ ਨਹੀਂ ਲਗਾਇਆ ਸੀ।