ਕਾਠਮੰਡੂ, 24 ਜੁਲਾਈ 2024 : ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਇੱਕ ਜਹਾਜ਼ ਕਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਜਹਾਜ਼ ‘ਚ ਸਵਾਰ 19 ਲੋਕਾਂ ‘ਚੋਂ 18 ਦੀ ਮੌਤ ਹੋ ਗਈ ਹੈ। ਜ਼ਖਮੀ ਪਾਇਲਟ ਕੈਪਟਨ ਮਨੀਸ਼ ਸ਼ਾਕਿਆ ਨੂੰ ਹਸਪਤਾਲ ਲਿਜਾਇਆ ਗਿਆ ਹੈ। ਜਹਾਜ਼ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ। ਜਹਾਜ਼ ਨੇ ਤ੍ਰਿਭੁਵਨ ਹਵਾਈ ਅੱਡੇ ਤੋਂ ਉਡਾਣ ਭਰੀ। ਇਸ ਤੋਂ ਥੋੜ੍ਹੀ ਦੇਰ ਬਾਅਦ ਇਹ ਸਵੇਰੇ ਕਰੀਬ 11 ਵਜੇ ਕਰੈਸ਼ ਹੋ ਗਿਆ। ਹਾਦਸੇ ਵਾਲੀ ਥਾਂ 'ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਜੂਦ ਹਨ ਅਤੇ ਬਚਾਅ ਕਾਰਜ ਜਾਰੀ ਹਨ। ਜਹਾਜ਼ ਵਿਚ ਕੋਈ ਆਮ ਯਾਤਰੀ ਨਹੀਂ ਸੀ ਪਰ ਤਕਨੀਕੀ ਟੀਮ ਦੇ 19 ਮੈਂਬਰ ਸਵਾਰ ਸਨ। ਰਾਹਤ ਅਤੇ ਬਚਾਅ ਕੰਮ ਜਾਰੀ ਹਨ। ਕਾਠਮੰਡੂ ਪੋਸਟ ਨੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੂਚਨਾ ਅਧਿਕਾਰੀ ਗਿਆਨੇਂਦਰ ਭੁਲ ਦੇ ਹਵਾਲੇ ਨਾਲ ਦੱਸਿਆ ਕਿ ਹਾਦਸੇ ਤੋਂ ਬਾਅਦ ਜਹਾਜ਼ 'ਚੋਂ ਧੂੰਆਂ ਨਿਕਲਦਾ ਦੇਖਿਆ ਗਿਆ। ਹਵਾਈ ਅੱਡੇ 'ਤੇ ਤਾਇਨਾਤ ਇਕ ਸੁਰੱਖਿਆ ਅਧਿਕਾਰੀ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਜਹਾਜ਼ ਦੇ ਪਾਇਲਟ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਹਾਜ਼ ਵਿਚ ਲੱਗੀ ਅੱਗ ਨੂੰ ਬੁਝਾ ਦਿੱਤਾ ਗਿਆ ਹੈ। ਕਾਠਮੰਡੂ ਪੋਸਟ ਅਨੁਸਾਰ ਗਵਾਹਾਂ ਨੇ ਦੱਸਿਆ ਕਿ ਜਹਾਜ਼ ਰਨਵੇਅ ਦੇ ਦੱਖਣੀ ਸਿਰੇ ਤੋਂ ਉਡਾਣ ਭਰ ਰਿਹਾ ਸੀ ਅਤੇ ਅਚਾਨਕ ਪਲਟ ਗਿਆ ਅਤੇ ਵਿੰਗ ਜ਼ਮੀਨ ਨਾਲ ਟਕਰਾ ਗਿਆ, ਜਿਸ ਕਾਰਨ ਜਹਾਜ਼ ਨੂੰ ਤੁਰੰਤ ਅੱਗ ਲੱਗ ਗਈ। ਇਸ ਤੋਂ ਬਾਅਦ ਇਹ ਰਨਵੇਅ ਦੇ ਪੂਰਬੀ ਪਾਸੇ ਬੁੱਧ ਏਅਰ ਹੈਂਗਰ ਅਤੇ ਰਾਡਾਰ ਸਟੇਸ਼ਨ ਦੇ ਵਿਚਕਾਰ ਖਾਈ ਵਿਚ ਡਿੱਗ ਗਿਆ। ਵਾਇਰਲ ਵੀਡੀਓ 'ਚ ਏਅਰਪੋਰਟ 'ਤੇ ਧੂੰਏਂ ਦੇ ਸੰਘਣੇ ਗੁਬਾਰ ਦੇਖੇ ਜਾ ਸਕਦੇ ਹਨ।