ਐਡਮਿੰਟਨ, 11 ਨਵੰਬਰ : ਕੈਨੇਡਾ ‘ਚ ਵਧ ਰਹੇ ਗੈਂਗਵਾਰ ਕਾਰਨ ਜਿੱਥੇ ਆਮ ਲੋਕ ਸਹਿਮ ‘ਚ ਹਨ, ਉੱਥੇ ਗੈਂਗਵਾਰਾਂ ਵੱਲੋਂ ਕੀਤੀਆਂ ਜਾਂਦੀਆਂ ਵਾਰਦਾਤਾਂ ਤੋਂ ਵੀ ਦੁਖੀ ਹਨ। ਬੀਤੇ ਦਿਨ ਐਡਮਿੰਟਨ ਵਿੱਚ ਇੱਕ ਪੰਜਾਬੀ ਵਿਅਕਤੀ ਅਤੇ ਉਸਦੇ 11 ਸਾਲਾ ਮਾਸੂਮ ਬੱਚੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਦੀ ਖਬਰ ਹੈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਉੱਪਲ ਵਜੋਂ ਹੋਈ ਹੈ। ਐਡਮਿੰਟਨ ਪੁਲਿਸ ਸੇਵਾ ਦੇ ਕਾਰਜਕਾਰੀ ਸੂਪਰਡੈਂਟ ਕੌਲਿਨ ਡਰਕਸਨ ਨੇ ਸ਼ੁਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਉੱਪਲ ਅਤੇ ਉਸ ਦੇ ਪੁੱਤਰ ਦਾ ਵੀਰਵਾਰ ਦੁਪਹਿਰ ਇਕ ਗੈਸ ਸਟੇਸ਼ਨ ਬਾਹਰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਗੋਲੀਬਾਰੀ ਸਮੇਂ ਉੱਪਰ ਦੀ ਕਾਰ ’ਚ ਉਸ ਦੇ ਪੁੱਤਰ ਦਾ ਦੋਸਤ ਵੀ ਸੀ, ਪਰ ਉਸ ਨੂੰ ਇਸ ਹਮਲੇ ’ਚ ਕੋਈ ਨੁਕਸਾਨ ਨਹੀਂ ਪੁੱਜਾ। ਡਰਕਸਨ ਨੇ ਕਿਹਾ ਕਿ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਜਦੋਂ ਹਮਲਾਵਰਾਂ ਨੇ ਗੋਲੀਬਾਰੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਕਾਰ ’ਚ ਬੱਚਿਆਂ ਦੇ ਹੋਣ ਦੀ ਜਾਣਕਾਰੀ ਸੀ ਜਾਂ ਨਹੀਂ। ‘ਐਡਮੌਂਟਨ ਜਨਰਲ’ ਨੇ ਡਰਕਸਨ ਦੇ ਹਵਾਲੇ ਨਾਲ ਕਿਹਾ, ‘‘ਪਰ ਅਸੀਂ ਏਨਾ ਜਾਣਦੇ ਹਾਂ ਕਿ ਹਮਲਾਵਰ ਜਾਂ ਹਮਲਾਵਰਾਂ ਨੂੰ ਜਦੋਂ ਇਹ ਪਤਾ ਲਗਿਆ ਕਿ ਗੱਡੀ ’ਚ ਉੱਪਲ ਦਾ ਪੁੱਤਰ ਵੀ ਹੈ ਤਾਂ ਉਨ੍ਹਾਂ ਨੇ ਜਾਣਬੁਝ ਕੇ ਉਸ ਨੂੰ ਗੋਲੀ ਮਾਰੀ।’’ ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਬੱਚਿਆਂ ਦਾ ਕਤਲ ਕਰਨਾ ਵਰਜਿਤ ਸੀ ਅਤੇ ਗੈਂਗ ਦੇ ਮੈਂਬਰ ਇਸ ਹੱਦ ਦੀ ਉਲੰਘਣਾ ਕਰਨ ਤੋਂ ਬਚਦੇ ਸਨ, ਪਰ ਹੁਣ ਸਥਿਤੀ ਬਦਲ ਰਹੀ ਹੈ। ਪੁਲਿਸ ਨੇ ਉੱਪਲ ਦੇ ਪੁੱਤਰ ਦਾ ਨਾਂ ਜਨਤਕ ਨਹੀਂ ਕੀਤਾ ਹੈ। ਇਸ ਮਾਮਲੇ ’ਚ ਅਜੇ ਤਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ‘ਸੀ.ਬੀ.ਸੀ. ਨਿਊਜ਼’ ਦੀ ਖ਼ਬਰ ਅਨੁਸਾਰ, ਉੱਪਲ ’ਤੇ ਕੋਕੀਨ ਰੱਖਣ ਅਤੇ ਤਸਕਰੀ ਕਰਨ ਸਮੇਤ ਕਈ ਦੋਸ਼ ਲਾਏ ਗਏ ਸਨ। ਇਸ ਮਾਮਲੇ ’ਚ ਸੁਣਵਾਈ ਅਪ੍ਰੈਲ 2023 ਨੂੰ ਸ਼ੁਰੂ ਹੋਈ ਸੀ।