ਕੋਲੰਬੋ, 24 ਅਕਤੂਬਰ : ਭਾਰਤ ਦੇ ਲੋਕ ਹੁਣ ਬਿਨਾਂ ਵੀਜ਼ਾ ਗੁਆਂਢੀ ਮੁਲਕ ਸ੍ਰੀਲੰਕਾ ਦੀ ਯਾਤਰਾ ਕਰ ਸਕਣਗੇ। ਸ੍ਰੀਲੰਕਾ ਦੀ ਕੈਬਨਿਟ ਨੇ ਭਾਰਤ ਸਮੇਤ ਸੱਤ ਦੇਸ਼ਾਂ ਦੇ ਯਾਤਰੀਆਂ ਨੂੰ ਮੁਫ਼ਤ ਸੈਲਾਨੀ ਵੀਜ਼ਾ ਜਾਰੀ ਕਰਨ ਦੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੈਸਲਾ ਕਰਜ਼ ’ਚ ਡੁੱਬੇ ਟਾਪੂਆਂ ਵਾਲੇ ਦੇਸ਼ ਦੇ ਪਰਬਤੀ ਖੇਤਰ ਦੇ ਮੁੜ ਨਿਰਮਾਣ ਦੇ ਯਤਨਾਂ ਤਹਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਭਾਰਤੀ ਨਾਗਰਿਕ 58 ਦੇਸ਼ਾਂ ਦੀ ਯਾਤਰਾ ਮੁਫ਼ਤ ਵੀਜ਼ੇ ’ਤੇ ਕਰ ਸਕਦੇ ਹਨ। ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਨੂੰ 31 ਮਾਰਚ 2024 ਤੱਕ ਪਾਇਲਟ ਪ੍ਰਾਜੈਕਟ ਤਹਿਤ ਸ਼ੁਰੂ ਕੀਤਾ ਜਾਵੇਗਾ। ਕੈਬਨਿਟ ਨੇ ਭਾਰਤ, ਚੀਨ, ਰੂਸ, ਮਲੇਸ਼ੀਆ, ਜਾਪਾਨ, ਇੰਡੋਨੇਸ਼ੀਆ ਤੇ ਥਾਈਲੈਂਡ ਦੇ ਯਾਤਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਫ਼ਤ ਦਾਖ਼ਲੇ ਦੀ ਪ੍ਰਵਾਨਗੀ ਦੇ ਦਿੱਤੀ। ਉਕਤ ਦੇਸ਼ਾਂ ਦੇ ਯਾਤਰੀ ਸ੍ਰੀਲੰਕਾ ਦੀ ਯਾਤਰਾ ਲਈ ਮੁਫ਼ਤ ਵੀਜ਼ਾ ਪ੍ਰਾਪਤ ਕਰ ਸਕਣਗੇ। ਸਤੰਬਰ ’ਚ ਸ੍ਰੀਲੰਕਾ ਆਉਣ ਵਾਲੇ ਯਾਤਰੀਆਂ ਦੇ ਅੰਕੜਿਆਂ ਅਨੁਸਾਰ 30 ਹਜ਼ਾਰ ਯਾਤਰੀਆਂ ਤੇ 26 ਪ੍ਰਤੀਸ਼ਤ ਨਾਲ ਭਾਰਤ ਪਹਿਲੇ ਤੇ ਅੱਠ ਹਜ਼ਾਰ ਯਾਤਰੀਆਂ ਚੀਨ ਦੂਜੇ ਨੰਬਰ ’ਤੇ ਹੈ। 2019 ’ਚ ਈਸਟਰ ਐਤਵਾਰ ਧਮਾਕੇ ਪਿੱਛੋਂ ਸ੍ਰੀਲੰਕਾ ਆਉਣ ਵਾਲੇ ਯਾਤਰੀਆਂ ਦੀ ਗਿਣਤੀ ’ਚ ਕਮੀ ਆਈ ਸੀ। ਧਮਾਕਿਆਂ ’ਚ 11 ਭਾਰਤੀਆਂ ਸਮੇਤ 270 ਲੋਕਾਂ ਦੀ ਮੌਤ ਹੋ ਗਈ ਸੀ ਤੇ 500 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ।