ਫਰਿਜ਼ਨੋ, 31 ਅਕਤੂਬਰ : ਕੈਲੇਫੋਰਨੀਆਂ ਦੇ ਫਰਿਜ਼ਨੋ ਵਿੱਚ ਗੁਰਦੁਆਰਾ ਨਾਨਕ ਪ੍ਰਕਾਸ਼ ਦੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਨਗਰ ਕੀਰਤਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ‘ਚ ਸਜਾਇਆ ਗਿਆ। ਇਸ ਤੋਂ ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਗੁਰਮਤਿ ਦੀਵਾਨ ਸਜਾਏ ਗਾਏ। ਇਸ ਸਮੇਂ ਪਹੁੰਚੇ ਕੀਰਤਨੀ ਜੱਥਿਆਂ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗਣ ਦਾ ਉਪਦੇਸ਼ ਦਿੱਤਾ। ਨਗਰ ਕੀਰਤਨ ਨੂੰ ਮੁੱਖ ਰੱਖਦਿਆਂ ਇਸ ਮੌਕੇ ਵੱਡੀ ਗਿਣਤੀ ‘ਚ ਸੰਗਤ ਪੁੱਜੀ, ਨੌਜਵਾਨਾਂ ਨੇ ਸਿਰ ਤੇ ਕੇਸ਼ਰੀ, ਨੀਲੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ ਤੇ ਬੀਬੀਆਂ ਨੇ ਸਿਰਾਂ ਤੇ ਦੁਪੱਟੇ ਲਏ ਹੋਏ ਸਨ। ਨਗਰ ਕੀਰਤਨ ਨੂੰ ਬੱਚਿਆਂ ਵੱਲੋਂ ਗੱਤਕੇ ਦੀ ਕੀਤੀ ਜਾ ਰਹੀ ਪੇਸ਼ਕਾਰੀ ਹੋਰ ਵੀ ਮਨਮੋਹਕ ਬਣਾ ਰਿਹਾ ਸੀ। ਨਗਰ ਕੀਰਤਨ ਵਿੱਚ ਜਿੱਥੇ ਵੱਖ ਵੱਖ ਤਰ੍ਹਾਂ ਦੇ ਟਰੈਕਟਰ-ਟਰਾਲੀਆਂ, ਮੋਟਰਸਾਈਕਲ ਵੀ ਨਗਰ ਕੀਰਤਨ ਦਾ ਹਿੱਸਾ ਬਣੇ ਹੋਏ ਸਨ, ਨਗਰ ਕੀਰਤਨ ਵਿੱਚ ਹਜ਼ਾਰਾਂ ਦਾ ਇੱਕਠ ਸੀ ਅਤੇ ਨਗਰ ਕੀਰਤਨ ਗੁਰੁ ਘਰ ਤੋਂ ਚੱਲ ਕੇ ਸ਼ਾਮ ਨੂੰ ਸ਼ਹਿਰ ਫਾਊਲਰ ਤੋਂ ਹੁੰਦਾ ਹੋਇਆ ਗੁਰੁ ਘਰ ਨਾਨਕ ਪ੍ਰਕਾਸ਼ ਵਿਖੇ ਸਮਾਪਤ ਹੋਇਆ। ਸੰਗਤਾਂ ਲਈ ਵੱਖ ਵੱਖ ਥਾਵਾਂ ਤੇ ਲੰਗਰ ਅਤੁੱਟ ਵਰਤਾਏ ਗਏ।