ਕੈਨੇਡਾ: ਗ਼ਜ਼ਲ ਮੰਚ ਸਰੀ ਵੱਲੋਂ ਅਮਰੀਕਾ ਵਸਦੇ ਪ੍ਰਸਿੱਧ ਪੰਜਾਬੀ ਸ਼ਾਇਰ ਸੁਰਿੰਦਰ ਸੀਰਤ ਨਾਲ ਵਿਸ਼ੇਸ਼ ਅਦਬੀ ਬੈਠਕ ਕੀਤੀ ਗਈ। ਮੰਚ ਵੱਲੋਂ ਸੁਰਿੰਦਰ ਸੀਰਤ ਦਾ ਸਵਾਗਤ ਕਰਦਿਆਂ ਉਸਤਾਦ ਗ਼ਜ਼ਲਗੋ ਕ੍ਰਿਸ਼ਨ ਭਨੋਟ ਨੇ ਕਿਹਾ ਕਿ ਸੁਰਿੰਦਰ ਸੀਰਤ ਦਾ ਪੰਜਾਬੀ ਗ਼ਜ਼ਲ ਵਿਚ ਜ਼ਿਕਰਯੋਗ ਸਥਾਨ ਹੈ ਅਤੇ ਵਿਸ਼ੇਸ਼ ਕਰਕੇ ਜੰਮੂ ਕਸ਼ਮੀਰ ਵਿਚ ਇਨ੍ਹਾਂ ਦੀ ਮਕਬੂਲੀਅਤ ਉਸ ਤਰ੍ਹਾਂ ਹੈ ਜਿਵੇਂ ਪੰਜਾਬ ਵਿਚ ਸੁਰਜੀਤ ਪਾਤਰ ਹੁਰਾਂ ਦੀ। ਮੰਚ ਦੇ ਪ੍ਰਧਾਨ ਜਸਵਿੰਦਰ ਨੇ ਕਿਹਾ ਕਿ ਸੁਰਿੰਦਰ ਸੀਰਤ ਪਿਛਲੇ ਚਾਰ ਦਹਾਕਿਆਂ ਤੋਂ ਕਾਵਿ ਰਚਨਾ ਕਰਦੇ ਆ ਰਹੇ ਹਨ ਅਤੇ ਹੁਣ ਤੱਕ ਉਨ੍ਹਾਂ ਦੇ ਪੰਜ ਗ਼ਜ਼ਲ ਸੰਗ੍ਰਹਿ, ਦੋ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਇਕ ਨਾਵਲ ਅਤੇ ਇਕ ਕਹਾਣੀ ਸੰਗ੍ਰਹਿ ਵੀ ਉਨ੍ਹਾਂ ਪਾਠਕਾਂ ਦੀ ਝੋਲੀ ਪਾਇਆ ਹੈ। ਸੁਰਿੰਦਰ ਸੀਰਤ ਨੇ ਕਸ਼ਮੀਰ ਵਿਚ ਆਪਣੇ ਜਨਮ ਸਥਾਨ ਪੁਲਵਾਮਾ ਨਾਲ ਆਪਣੀਆਂ ਕੁਝ ਯਾਦਾਂ ਤਾਜ਼ਾ ਕੀਤੀਆਂ ਅਤੇ ਹੁਣ ਉੱਥੋਂ ਦੇ ਬਦਲ ਚੁੱਕੇ ਸਮਾਜਿਕ ਦ੍ਰਿਸ਼, ਮਾਹੌਲ ਬਾਰੇ ਗੱਲਬਾਤ ਕੀਤੀ। ਉਨ੍ਹਾਂ ਆਪਣੇ ਸਾਹਿਤਕ ਕਾਰਜ ਬਾਰੇ ਕਿਹਾ ਕਿ ਬੇਸ਼ੱਕ ਉਹ ਮੁੱਖ ਤੌਰ ‘ਤੇ ਗ਼ਜ਼ਲ ਕਹਿੰਦੇ ਹਨ ਪਰ ਉਨ੍ਹਾਂ ਨੂੰ ਆਪਣਾ ਨਾਵਲ ‘ਭਰਮ ਭੁਲਈਆਂ’ ਆਪਣੀ ਸਭ ਤੋਂ ਉੱਤਮ ਰਚਨਾ ਲੱਗਦੀ ਹੈ। ਉਨ੍ਹਾਂ ਜੰਮੂ ਕਸ਼ਮੀਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਤਿੰਨ ਪੁਸਤਕਾਂ ਨੂੰ ਮਿਲੇ ਸਨਮਾਨਾਂ ਦਾ ਜ਼ਿਕਰ ਕੀਤਾ ਅਤੇ ਵਿਦੇਸ਼ ਆ ਕੇ ਸ਼ੁਰੂਆਤੀ ਦੌਰ ਦੇ ਸਾਹਿਤਕ ਸਫ਼ਰ ਨਾਲ ਸਾਂਝ ਪੁਆਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਛੇਵਾਂ ਗ਼ਜ਼ਲ ਸੰਗ੍ਰਹਿ 2023 ਵਿਚ ਪ੍ਰਕਾਸ਼ਿਤ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਦਾ ਨਵਾਂ ਕਹਾਣੀ ਸੰਗ੍ਰਹਿ ‘ਪੂਰਬ ਪੱਛਮ ਤੇ ਪਰਵਾਸ’ ਵੀ ਰਿਲੀਜ਼ ਕੀਤਾ ਗਿਆ। ਗ਼ਜ਼ਲ ਮੰਚ ਦੇ ਸ਼ਾਇਰਾਂ ਨੇ ਇਸ ਪੁਸਤਕ ਨੂੰ ਜੀ ਆਇਆਂ ਆਖਦਿਆਂ ਸੁਰਿੰਦਰ ਸੀਰਤ ਨੂੰ ਮੁਬਾਰਕਬਾਦ ਦਿੱਤੀ। ਸੁਰਿੰਦਰ ਸੀਰਤ ਨੇ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਡਾ. ਗੁਰੂਮੇਲ ਸਿੱਧੂ ਨੂੰ ਸਮੱਰਪਿਤ ਇਕ ਗ਼ਜ਼ਲ ਰਾਹੀਂ ਆਪਣੀ ਸ਼ਰਧਾਂਜ਼ਲੀ ਭੇਂਟ ਕੀਤੀ ਅਤੇ ਆਪਣੀਆਂ ਕੁਝ ਹੋਰ ਰਚਨਾਵਾਂ ਪੇਸ਼ ਕੀਤੀਆਂ।