ਔਕਲੈਂਡ, 15 ਅਕਤੂਬਰ : ਨਿਊਜ਼ੀਲੈਂਡ ਦੀ 54ਵੀਂ ਸੰਸਦ ਆਮ ਚੋਣਾਂ ਸੰਪਨ ਹੋਈਆਂ ਜਿਸ ਦੇ ਵਿਚ ਸਾਹਮਣੇ ਆਏ ਚੋਣ ਨਤੀਜਿਆਂ (ਰੁਝਾਨ) ਦੇ ਵਿਚ ਨੈਸ਼ਨਲ ਪਾਰਟੀ ਨੂੰ 45 ਸੀਟਾਂ ਚੋਣ ਜਿੱਤ ਰਾਹੀਂ ਅਤੇ 5 ਸੀਟਾਂ ਪਾਰਟੀ ਵੋਟ ਦੇ ਅਧਾਰ ਤੇ ਮਿਲੀਆਂ, ਲੇਬਰ ਪਾਰਟੀ ਨੂੰ 17 ਸੀਟਾਂ ਚੋਣ ਜਿੱਤ ਰਾਹੀਂ ਅਤੇ 17 ਸੀਟਾਂ ਪਾਰਟੀ ਵੋਟ ਦੇ ਅਧਾਰ ਉਤੇ, ਗ੍ਰੀਨ ਪਾਰਟੀ ਨੂੰ 3 ਸੀਟਾਂ ਚੋਣ ਜਿੱਤ ਕੇ ਅਤੇ 11 ਪਾਰਟੀ ਵੋਟ ਅਧਾਰ ਉਤੇ, ਐਕਟ ਪਾਰਟੀ ਨੂੰ 2 ਸੀਟਾਂ ਚੋਣ ਜਿੱਤ ਕੇ ਅਤੇ 9 ਸੀਟਾਂ ਪਾਰਟੀ ਵੋਟ ਅਧਾਰ ਉਤੇ, ਨਿਊਜ਼ੀਲੈਂਡ ਫਸਟ ਪਾਰਟੀ ਨੂੰ ਪਾਰਟੀ ਵੋਟ ਦੇ ਅਧਾਰ 8 ਸੀਟਾਂ ਅਤੇ ਟੀ ਮਾਓਰੀ ਨੂੰ 4 ਸੀਟਾਂ ਚੋਣ ਜਿੱਤ ਕੇ ਮਿਲੀਆਂ ਹਨ। ਦੋ ਭਾਰਤੀ ਬੀਬੀਆਂ ਦੀ ਦਸਤਕ ਹਲਕਾ ਪਾਕੂਰੰਗਾ ਤੋਂ ਐਕਟ ਪਾਰਟੀ ਦੀ ਤਰਫ ਤੋਂ ਪੰਜਾਬੀ ਮੂਲ ਦੇ ਡਾ. ਪਰਮਜੀਤ ਕੌਰ ਪਰਮਾਰ ਚੋਣ ਲੜੇ ਸਨ। ਇਥੇ ਐਕਟ ਪਾਰਟੀ ਮੁੱਖ ਤੌਰ ਉਤੇ ਚੋਣ ਅਧਾਰ ਦੀ ਥਾਂ ਪਾਰਟੀ ਵੋਟ ਦੀ ਮੰਗ ਕਰ ਰਹੀ ਸੀ ਅਤੇ ਇਸ ਕਰਕੇ ਇਥੇ ਵੋਟਾਂ ਪਾਉਣ ਦੀ ਥਾਂ ਪਾਰਟੀ ਵੋਟ ਦੀ ਜਿਾਆਦਾ ਮੰਗ ਕੀਤੀ ਗਈ ਸੀ, ਜਿਸ ਦੇ ਵਿਚ ਐਕਟ ਪਾਰਟੀ 3030 ਵੋਟਾਂ ਲੈਣ ਵਿਚ ਕਾਮਯਾਬ ਰਹੀ। ਡਾ. ਪਰਮਜੀਤ ਪਰਮਾਰ ਨੂੰ ਉਮੀਦਵਾਰ ਵਜੋਂ ਵੋਟਾਂ ਸਿਰਫ 992 ਹੀ ਪਈਆਂ ਪਰ ਪਾਰਟੀ ਰੈਂਕਿੰਗ ਦੇ ਵਿਚ ਪੱਧਰ 9 ਉਤੇ ਹੋਣ ਕਰਕੇ ਉਨ੍ਹਾਂ ਦਾ ਸੰਸਦ ਵਿਚ ਪਹੁੰਚਣਾ ਤੈਅ ਹੋ ਗਿਆ ਹੈ। ਇਥੋਂ ਨੈਸ਼ਨਲ ਪਾਰਟੀ ਦੇ ਸਾਇਮਨ ਬ੍ਰਾਉਨ 21215 ਵੋਟਾਂ ਲੈ ਕੇ ਜੇਤੂ ਰਹੇ ਅਤੇ ਡਾ. ਪਰਮਜੀਤ ਪਰਮਾਰ ਤੀਜੇ ਨੰਬਰ ਉਤੇ ਰਹੇ। ਹਲਕਾ ਮਾਉਂਗਾਕੇਕੀ: ਇਥੋਂ ਭਾਰਤੀ ਮੂਲ ਦੀ ਪਹਿਲੀ ਮਹਿਲਾ ਏਥਨਿਕ ਮੰਤਰੀ ਬਣੀ, ਦੋ ਵਾਰ ਦੀ ਸੰਸਦ ਮੈਂਬਰ ਪਿ੍ਰੰਅਕਾ ਰਾਧਾਕ੍ਰਿਸ਼ਨਨ ਖੜੇ ਸਨ ਅਤੇ ਉਹ ਇਸ ਵਾਰ ਉਮੀਦਵਾਰ ਵਜੋਂ ਚੋਣ ਨਹੀਂ ਜਿੱਤ ਸਕੇ। ਉਹ ਆਪਣੇ ਵਿਰੋਧੀ ਫਲੇਮਿੰਗ ਗ੍ਰੈਗ ਤੋਂ ਲਗਪਗ 3650 ਵੋਟਾਂ ਦੇ ਫਰਕ ਨਾਲ ਹਾਰ ਗਏ । ਇਨ੍ਹਾਂ ਨੂੰ 9114 ਵੋਟਾਂ ਅਤੇ 70098 ਪਾਰਟੀ ਵੋਟ ਪਈ। ਲੇਬਰ ਪਾਰਟੀ ਦੇ ਵਿਚ ਉਨ੍ਹਾਂ ਦਾ ਲਿਸਟ ਐਮ.ਪੀ. ਵੱਜੋਂ 15ਵਾਂ ਨੰਬਰ ਹੋਣ ਕਰਕੇ, ਪਾਰਟੀ ਵੋਟ ਦੇ ਅਧਾਰ ਉਤੇ ਉਨ੍ਹਾਂ ਦਾ ਸੰਸਦ ਦੇ ਵਿਚ ਪਹੁੰਚਣਾ ਤੈਅ ਹੋ ਚੁੱਕਾ ਹੈ। ਇਸ ਤੋਂ ਇਲਾਵਾ 8-9 ਦੇ ਕਰੀਬ ਹੋਰ ਭਾਰਤੀ ਉਮੀਦਵਾਰ ਵੀ ਚੋਣ ਲੜ ਰਹੇ ਸਨ, ਪਰ ਕੋਈ ਵੀ ਚੋਣ ਜਿੱਤ ਕੇ ਜਾਂ ਵੋਟਾਂ ਦੇ ਅਧਾਰ ਉਤੇ ਸੰਸਦ ਦੇ ਵਿਚ ਪਹੁੰਚਦਾ ਮੁਸ਼ਕਿਲ ਜਾਪਦਾ ਹੈ। ਰਸਮੀ ਨਤੀਜੇ 3 ਨਵੰਬਰ ਨੂੰ ਆਉਣੇ ਹਨ ਅਤੇ ਫਿਰ ਨਵੀਂ ਸਰਕਾਰ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਸੋ ਅਖੀਰ ਵਿਚ ਕਹਿ ਸਕਦੇ ਹਾਂ ਕਿ ਇਸ ਵਾਰ ਨਿਊਜ਼ੀਲੈਂਡ ਵਸਦੇ ਲਗਪਗ 4-5 ਲੱਖ ਭਾਰਤੀ ਲੋਕਾਂ ਦੀ ਨੁਮਾਇੰਦਗੀ ਸਿਰਫ ਦੋ ਬੀਬੀਆਂ ਦੇ ਹਿੱਸੇ ਹੀ ਆਵੇਗੀ। ਇਹ ਦੋਵੇਂ ਬੀਬੀਆਂ ਇਕ ਦੂਜੇ ਦੀ ਵਿਰੋਧੀ ਪਾਰਟੀ ਦੀਆਂ ਮੈਂਬਰ ਹਨ ਅਤੇ ਇਨ੍ਹਾਂ ਦੀ ਟਿਊਨਿੰਗ ਕਿਵੇਂ ਰਹੇਗੀ? ਸਮਾਂ ਹੀ ਦੱਸੇਗਾ।