ਰਫ਼ਾਹ, 24 ਅਕਤੂਬਰ : ਇਜ਼ਰਾਈਲ ਨੇ ਗਾਜ਼ਾ ਪੱਟੀ ’ਤੇ ਕੱਟੜਪੰਥੀ ਸੰਗਠਨ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਤੇਜ਼ ਕਰ ਦਿਤੇ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਕ ਦਿਨ ਪਹਿਲਾਂ ਗਾਜ਼ਾ ’ਚ ਇਜ਼ਰਾਈਲੀ ਹਵਾਈ ਹਮਲਿਆਂ ’ਚ 700 ਤੋਂ ਵੱਧ ਲੋਕ ਮਾਰੇ ਗਏ। ਇਜ਼ਰਾਈਲ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਪਿਛਲੇ 24 ਘੰਟਿਆਂ ’ਚ 400 ਹਵਾਈ ਹਮਲੇ ਕੀਤੇ, ਜਿਸ ’ਚ ਹਮਾਸ ਦੇ ਕਈ ਕਮਾਂਡਰ ਅਤੇ ਲੜਾਕੂ ਮਾਰੇ ਗਏ। ਗਾਜ਼ਾ ’ਤੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਅਪਣੀਆਂ ਸਰਹੱਦਾਂ ਨੂੰ ਸੀਲ ਕਰ ਦਿਤਾ ਹੈ, ਜਿਸ ਕਾਰਨ ਗਾਜ਼ਾ ਦੇ 23 ਲੱਖ ਲੋਕਾਂ ਨੂੰ ਭੋਜਨ, ਪਾਣੀ ਅਤੇ ਦਵਾਈਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਗਾਜ਼ਾ ਦੇ ਲਗਭਗ ਦੋ ਤਿਹਾਈ ਹਸਪਤਾਲਾਂ ਨੇ ਕੰਮ ਕਰਨਾ ਬੰਦ ਕਰ ਦਿਤਾ ਹੈ। ਜ਼ਰੂਰੀ ਸਪਲਾਈ ਦਾ ਇਕ ਛੋਟਾ ਕਾਫਲਾ ਸੋਮਵਾਰ ਨੂੰ ਗਾਜ਼ਾ ’ਚ ਦਾਖਲ ਹੋਇਆ। ਹਾਲਾਂਕਿ ਗਾਜ਼ਾ ਨੂੰ ਬਾਲਣ ਭੇਜਣ ’ਤੇ ਇਜ਼ਰਾਈਲ ਵਲੋਂ ਲਗਾਈ ਗਈ ਪਾਬੰਦੀ ਅਜੇ ਵੀ ਜਾਰੀ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਜੇ ਗਾਜ਼ਾ ਦੇ ਅੰਦਰ ਟਰੱਕਾਂ ਨੂੰ ਬਾਲਣ ਨਹੀਂ ਮਿਲਦਾ ਤਾਂ ਸਹਾਇਤਾ ਦੀ ਸਪੁਰਦਗੀ ਜਲਦੀ ਹੀ ਬੰਦ ਹੋ ਸਕਦੀ ਹੈ। ਗਾਜ਼ਾ ਦੇ ਵੱਖ-ਵੱਖ ਹਸਪਤਾਲਾਂ ਵਿਚ ਵੱਡੀ ਗਿਣਤੀ ਵਿਚ ਜ਼ਖਮੀ ਦਾਖਲ ਹਨ, ਜਿਨ੍ਹਾਂ ਨੂੰ ਅਪਣੇ ਇਲਾਜ ਲਈ ਬਿਜਲੀ ਦੀ ਸਖ਼ਤ ਲੋੜ ਹੈ। ਬਿਜਲੀ ਨਾ ਹੋਣ ਕਾਰਨ ਹਸਪਤਾਲਾਂ ’ਚ ਦਾਖਲ ਨਵਜੰਮੇ ਬੱਚਿਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਹਮਾਸ ਨੇ ਦੋ ਬਜ਼ੁਰਗ ਇਜ਼ਰਾਈਲੀ ਔਰਤਾਂ ਨੂੰ ਰਿਹਾਅ ਕਰ ਦਿਤਾ, ਜਿਨ੍ਹਾਂ ਨੂੰ ਇਸ ਨੇ ਬੰਧਕ ਬਣਾ ਲਿਆ ਸੀ। 7 ਅਕਤੂਬਰ ਨੂੰ ਹਮਾਸ ਨੇ ਦਖਣੀ ਇਜ਼ਰਾਈਲ ਦੇ ਸ਼ਹਿਰਾਂ ’ਤੇ ਹਮਲਾ ਕੀਤਾ ਅਤੇ ਸੈਂਕੜੇ ਇਜ਼ਰਾਈਲੀ ਨਾਗਰਿਕਾਂ ਨੂੰ ਬੰਧਕ ਬਣਾ ਲਿਆ। ਇਜ਼ਰਾਈਲ ਵਲੋਂ ਜਲਦ ਹੀ ਹਮਾਸ ਦੇ ਕਟੜਪੰਥੀਆਂ ਵਿਰੁਧ ਜ਼ਮੀਨੀ ਪੱਧਰ ਦੀ ਕਾਰਵਾਈ ਸ਼ੁਰੂ ਕਰਨ ਦੀ ਉਮੀਦ ਹੈ। ਅਮਰੀਕਾ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਨਾਲ ਖੇਤਰ ਵਿਚ ਤਣਾਅ ਵਧ ਸਕਦਾ ਹੈ ਅਤੇ ਅਮਰੀਕੀ ਫ਼ੌਜੀਆਂ ’ਤੇ ਵੀ ਹਮਲਾ ਹੋ ਸਕਦਾ ਹੈ। ਗਾਜ਼ਾ ’ਚ ਇਜ਼ਰਾਇਲੀ ਹਮਲਿਆਂ ’ਚ ਹੁਣ ਤਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁਕੀ ਹੈ। ਇਜ਼ਰਾਈਲ-ਹਮਾਸ ਯੁੱਧ ਵਿਚਕਾਰ, ਵੱਖ-ਵੱਖ ਦੇਸ਼ਾਂ ਦੇ ਨੇਤਾ ਇਸ ਨਾਲ ਇਕਜੁਟਤਾ ਪ੍ਰਗਟ ਕਰਨ ਲਈ ਇਜ਼ਰਾਈਲ ਆਉਂਦੇ ਰਹਿੰਦੇ ਹਨ ਅਤੇ ਇਸ ਦੇ ਹਿੱਸੇ ਵਜੋਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਮੰਗਲਵਾਰ ਨੂੰ ਤੇਲ ਅਵੀਵ ਪਹੁੰਚੇ। ਮੈਕਰੋਨ ਨੇ ਹਮਾਸ ਹਮਲੇ ’ਚ ਮਾਰੇ ਗਏ ਫਰਾਂਸੀਸੀ ਨਾਗਰਿਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਹ ਇਜ਼ਰਾਈਲ ਦੇ ਉੱਚ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨ ਵਾਲੇ ਹਨ। ਮੈਕਰੌਨ ਨੇ ਇਜ਼ਰਾਈਲ ਦੇ ਰਾਸ਼ਟਰਪਤੀ ਆਈਜ਼ੈਕ ਹਰਜੋਗ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹ ਇਜ਼ਰਾਈਲ ਦੇ ਨਾਲ ਅਪਣਾ ਸਮਰਥਨ ਅਤੇ ਇਕਜੁਟਤਾ ਪ੍ਰਗਟ ਕਰਨ ਅਤੇ ਇਸ ਦੇ ਲੋਕਾਂ ਦੇ ਦੁੱਖ ਸਾਂਝਾ ਕਰਨ ਲਈ ਆਏ ਹਨ, ਨਾਲ ਹੀ ਇਹ ਭਰੋਸਾ ਦਿਵਾਉਣ ਲਈ ਆਏ ਹਨ ਕਿ ਅਤਿਵਾਦ ਵਿਰੁਧ ਇਸ ਜੰਗ ’ਚ ਉਸ ਨੂੰ ਇਕੱਲਾ ਨਹੀਂ ਛਡਿਆ ਜਾਵੇਗਾ।