ਢਾਕਾ, 15 ਸਤੰਬਰ : ਬੰਗਲਾਦੇਸ਼ ’ਚ ਡੇਂਗੂ ਬੁਖਾਰ ਦਾ ਕਹਿਰ ਜਾਰੀ ਹੈ। ਇਸ ਸਾਲ ਹੁਣ ਤੱਕ 778 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1,57,172 ਲੋਕ ਪ੍ਰਭਾਵਿਤ ਹੋਏ ਹਨ। ਬੰਗਲਾਦੇਸ਼ ਇਸ ਨਾਲ ਨਜਿੱਠਣ ਲਈ ਸੰਘਰਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਇਸ ਬਿਮਾਰੀ ਨਾਲ ਮੌਤ ਦਾ ਸਭ ਤੋਂ ਵੱਧ ਅੰਕੜਾ ਸਾਲ 2022 ’ਚ 281 ਸੀ। ਸੰਯੁਕਤ ਰਾਸ਼ਟਰ ਦੀ ਬੱਚਿਆਂ ਨਾਲ ਜੁੜੀ ਏਜੰਸੀ ਦਾ ਕਹਿਣਾ ਹੈ ਕਿ ਇਹ ਅੰਕੜਾ ਹੋਰ ਜ਼ਿਆਦਾ ਹੋ ਸਕਦਾ ਹੈ ਕਿਉਂਕਿ ਕਈ ਮਾਮਲਿਆਂ ਦੀ ਸੂਚਨਾ ਨਹੀਂ ਦਿੱਤੀ ਜਾਂਦੀ। ਹਾਲ ਹੀ ’ਚ ਵਿਸ਼ਵ ਸਿਹਤ ਸੰਗਠਨ ਨੇ ਚੌਕਸ ਕਰਦਿਆਂ ਕਿਹਾ ਸੀ ਕਿ ਪੌਣ-ਪਾਣੀ ਤਬਦੀਲੀ ਕਾਰਨ ਡੇਂਗੂ, ਜੀਕਾ ਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ। ਮਾਹਰਾਂ ਦਾ ਕਹਿਣਾ ਹੈ ਕਿ ਮੱਛਰਾਂ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ’ਚ ਸਬੰਧਤ ਏਜੰਸੀਆਂ ਦੇ ਸਹਿਯੋਗਾਤਮਕ ਰਵੱਈਏ ਦੀ ਘਾਟ ਕਾਰਨ ਜ਼ਿਆਦਾ ਮੌਤਾਂ ਹੋ ਰਹੀਆਂ ਹਨ। ਢਾਕਾ ’ਚ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦੇ ਡਾਇਰੈਕਟਰ ਮੁਹੰਮਦ ਨਿਯਾਤੁਜਮਾਂ ਨੇ ਵੀਰਵਾਰ ਨੂੰ ਕਿਹਾ ਕਿ ਕਈ ਲੋਕ ਨਹੀਂ ਜਾਣਦੇ ਕਿ ਇਸ ਦਾ ਇਲਾਜ ਕਿਵੇਂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਢਾਕਾ ਤੇ ਹੋਰ ਵੱਡੇ ਸ਼ਹਿਰਾਂ ਦੇ ਬਾਹਰ ਨਰਸਾਂ ਸਣੇ ਡਾਕਟਰਾਂ ਨੂੰ ਡੇਂਗੂ ਨਾਲ ਨਜਿੱਠਣ ਲਈ ਬਿਹਤਰ ਸਿਖਲਾਈ ਦੀ ਲੋੜ ਹੈ।