ਮੁਆਂਗ, 05 ਅਗਸਤ : ਥਾਈਲੈਂਡ ਦੇ ਪੂਰਬੀ ਸੂਬੇ ਵਿਚ ਇਕ ਮਾਲਗੱਡੀ ਨੇ ਪਟਰੀ ਪਾਰ ਕਰ ਰਹੇ ਪਿਕਅੱਪ ਟਰੱਕ ਨੂੰ ਟੱਕਰ ਮਾਰ ਦਿੱਤੀ ਜਿਸ ਵਿਚ 8 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੇਲਵੇ ਅਧਿਕਾਰੀਆਂ ਮੁਤਾਬਕ ਦੇਰ ਰਾਤ 2 ਵਜੇ ਕੇ 20 ਮਿੰਟ ਦੇ ਆਸ-ਪਾਸ ਚਾਚੋਏਂਗਸਾਓ ਸੂਬੇ ਦੇ ਮੁਆਂਗ ਜ਼ਿਲ੍ਹੇ ਵਿਚ ਘਟਨਾ ਵਾਪਰੀ। ਹਾਦਸੇ ਵਿਚ ਚਾਰ ਲੋਕ ਜ਼ਖਮੀ ਵੀ ਹੋ ਗਏ ਹਨ। ਟੱਰਕ ਚਾਲਕ ਵਿਚਾਈ ਯੂਲੇਕ ਨੇ ਦੱਸਿਆ ਕਿ ਉਸ ਨੇ ਟ੍ਰੇਨ ਨੂੰ ਆਉਂਦੇ ਦੇਖਿਆ ਤੇ ਚੇਤਾਵਨੀ ਵਾਲੇ ਹਾਰਨ ਦੀ ਆਵਾਜ਼ ਸੁਣਨ ਦੇ ਬਾਅਦ ਉਸ ਨੇ ਟਰੱਕ ਦੀ ਰਫਤਾਰ ਹੌਲੀ ਕਰ ਦਿੱਤੀ ਪਰ ਵਾਹਨ ਵਿਚ ਸਵਾਰ ਯਾਤਰੀਆਂ ਨੇ ਉਸ ਤੋਂ ਅੱਗੇ ਵਧਣ ਨੂੰ ਕਿਹਾ। ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਟਰੱਕ ਟ੍ਰੇਨ ਨਾਲ ਟਕਰਾ ਜਾਵੇਗਾ ਤਾਂ ਉਸ ਨੇ ਟਰੱਕ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਰੇਲਵੇ ਨੇ ਦੱਸਿਆ ਕਿ ਹਾਦਸੇ ਵਿਚ ਮਾਰੇ ਗਏ ਲੋਕਾਂ ਵਿਚ 18 ਸਾਲਾ ਇਕ ਨੌਜਵਾਨ, 20 ਸਾਲਾ 2 ਨੌਜਵਾਨ ਤੇ 55 ਸਾਲ ਤੋਂ ਵੱਧ ਉਮਰ ਦੇ 5 ਲੋਕ ਸ਼ਾਮਲ ਹਨ। ਜ਼ਖਮੀ ਚਾਰੋਂ ਨੌਜਵਾਨਾਂ ਦੀ ਉਮਰ 20 ਸਾਲ ਦੇ ਲਗਭਗ ਹੈ।