ਅਮਰੀਕਾ, 28 ਫਰਵਰੀ : ਐਲੋਨ ਮਸਕ ਫਿਰ ਤੋਂ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ। ਮਸਕ ਨੇ ਫਰਾਂਸੀਸੀ ਅਰਬਪਤੀ ਬਰਨਾਰਡ ਅਰਨੌਲਟ ਨੂੰ ਪਿੱਛੇ ਛੱਡ ਕੇ ਲਗਭਗ ਇਕ ਸਾਲ ਬਾਅਦ ਇਹ ਦਰਜਾ ਹਾਸਲ ਕੀਤਾ ਹੈ। ਟਵਿੱਟਰ ਡੀਲ ਨੂੰ ਪੂਰਾ ਕਰਨ ਦੇ ਬਾਅਦ ਤੋਂ ਹੀ ਐਲੋਨ ਮਸਕ ‘ਤੇ ਦਬਾਅ ਬਣਿਆ ਹੋਇਆ ਹੈ ਪਰ ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੀ ਤਾਜ਼ਾ ਸੂਚੀ ‘ਚ ਇਕ ਵਾਰ ਫਿਰ ਤੋਂ ਉਨ੍ਹਾਂ ਦਾ ਦਬਦਬਾ ਕਾਇਮ ਹੋ ਗਿਆ ਹੈ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਵਿੱਚ ਫਰਾਂਸੀਸੀ ਅਰਬਪਤੀ ਅਤੇ LVMH ਦੇ ਸੰਸਥਾਪਕ ਬਰਨਾਰਡ ਅਰਨੌਲਟ ਦੀ ਕੁੱਲ ਜਾਇਦਾਦ 185 ਬਿਲੀਅਨ ਡਾਲਰ ਯਾਨੀ ਲਗਭਗ 14.98 ਲੱਖ ਕਰੋੜ ਰੁਪਏ ਦੱਸੀ ਗਈ ਹੈ। ਬਲੂਮਬਰਗ ਦੇ ਅੰਕੜੇ ਦੱਸਦੇ ਹਨ ਕਿ ਵਾਲ ਸਟਰੀਟ ਦੇ ਨੈਸਡੈਕ 100 ਇੰਡੈਕਸ ਵਿੱਚ ਟੇਸਲਾ ਦੇ ਸ਼ੇਅਰ 10 ਪ੍ਰਤੀਸ਼ਤ ਚੜ੍ਹ ਗਏ ਹਨ। ਐਲੋਨ ਮਸਕ ਨੇ ਨਾ ਸਿਰਫ ਸਭ ਤੋਂ ਵੱਧ ਨੁਕਸਾਨ ਦਾ ਰਿਕਾਰਡ ਕਾਇਮ ਕੀਤਾ, ਬਲਕਿ ਸਭ ਤੋਂ ਤੇਜ਼ੀ ਨਾਲ ਦੌਲਤ ਬਣਾਉਣ ਵਾਲਾ ਅਰਬਪਤੀ ਵੀ ਬਣ ਗਿਆ ਹੈ। ਐਲੋਨ ਮਸਕ ਦੇ ਸਭ ਤੋਂ ਅਮੀਰ ਕਾਰੋਬਾਰੀ ਬਣਨ ਲਈ ਟੇਸਲਾ ਦੇ ਸ਼ੇਅਰਾਂ ਨੇ ਵੱਡੀ ਭੂਮਿਕਾ ਨਿਭਾਈ ਹੈ। ਟੇਸਲਾ ਇੰਕ ਦੇ ਸ਼ੇਅਰਾਂ ਦੀ ਕੀਮਤ 2023 ਦੇ ਸਿਰਫ ਦੋ ਮਹੀਨਿਆਂ ਵਿੱਚ 90 ਪ੍ਰਤੀਸ਼ਤ ਵੱਧ ਗਈ ਹੈ, ਜਿਸ ਕਾਰਨ ਐਲੋਨ ਮਸਕ ਦੀ ਜਾਇਦਾਦ ਵੀ ਤੇਜ਼ੀ ਨਾਲ ਵਧੀ ਹੈ। ਦੱਸ ਦੇਈਏ 28 ਫਰਵਰੀ 2023 ਨੂੰ ਐਲੋਨ ਮਸਕ ਦੀ ਕੁੱਲ ਜਾਇਦਾਦ ਲਗਭਗ 15.14 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਸਿਰਫ 2023 ਵਿਚ ਯਾਨੀ ਦੋ ਮਹੀਨਿਆਂ ਵਿਚ ਹੀ ਉਸ ਦੀ ਜਾਇਦਾਦ ਵਿਚ 4 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ, ਜੋ ਕਿ 36 ਫੀਸਦੀ ਦਾ ਤੇਜ਼ ਵਾਧਾ ਹੈ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਇਸ ਲਿਸਟ ‘ਚ 10ਵੇਂ ਨੰਬਰ ‘ਤੇ ਪਹੁੰਚ ਗਏ ਹਨ।