ਵਾਸ਼ਿੰਗਟਨ, 25 ਮਾਰਚ : ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਕਰਾਰ ਦੇਣਾ ਗਾਂਧੀਵਾਦੀ ਵਿਚਾਰਧਾਰਾ ਨਾਲ ਵਿਸ਼ਵਾਸਘਾਤ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਭਾਵਸ਼ਾਲੀ ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਨੇ ਕੀਤਾ, ਉਨ੍ਹਾਂ ਟਵੀਟ ਕੀਤਾ, "ਰਾਹੁਲ ਗਾਂਧੀ ਨੂੰ ਸੰਸਦ ਦੀ ਮੈਂਬਰਸ਼ਿਪ ਤੋਂ ਅਯੋਗ ਠਹਿਰਾਉਣਾ ਗਾਂਧੀਵਾਦੀ ਫਲਸਫੇ ਅਤੇ ਭਾਰਤ ਦੀਆਂ ਕਦਰਾਂ ਕੀਮਤਾਂ ਨਾਲ ਧੋਖਾ ਹੈ।" ਉਨ੍ਹਾਂ ਕਿਹਾ, 'ਇਹ ਉਹ ਨਹੀਂ ਹੈ ਜਿਸ ਲਈ ਮੇਰੇ ਪੂਰਵਜਾਂ ਜੀ ਨੇ ਜੇਲ੍ਹ ਵਿਚ ਆਪਣੀ ਜ਼ਿੰਦਗੀ ਦੇ ਕਈ ਸਾਲ ਕੁਰਬਾਨ ਕੀਤੇ ਸਨ। ਰੋ ਖੰਨਾ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਸਿਲੀਕਾਨ ਵੈਲੀ ਦੀ ਪ੍ਰਤੀਨਿਧਤਾ ਕਰਦੇ ਹਨ। ਉਹ ਭਾਰਤ ਅਤੇ ਭਾਰਤੀ-ਅਮਰੀਕੀਆਂ 'ਤੇ ਅਮਰੀਕੀ ਕਾਂਗਰਸ ਦੇ ਕਾਕਸ ਦੇ ਸਹਿ-ਚੇਅਰਮੈਨ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਅਪੀਲ ਕੀਤੀ ਹੈ। ਰੋ ਖੰਨਾ ਨੇ ਇੱਕ ਹੋਰ ਟਵੀਟ ਵਿੱਚ ਕਿਹਾ, 'ਤੁਹਾਡੇ ਕੋਲ ਭਾਰਤੀ ਲੋਕਤੰਤਰ ਦੇ ਹਿੱਤ ਵਿੱਚ ਇਸ ਫੈਸਲੇ ਨੂੰ ਉਲਟਾਉਣ ਦੀ ਸ਼ਕਤੀ ਹੈ।'' ਇਸ ਦੇ ਨਾਲ ਹੀ ਅਮਰੀਕਾ 'ਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਉਪ ਪ੍ਰਧਾਨ ਜਾਰਜ ਅਬ੍ਰਾਹਮ ਨੇ ਰਾਹੁਲ ਗਾਂਧੀ ਦੀ ਅਯੋਗਤਾ ਨੂੰ ਭਾਰਤ 'ਚ ਲੋਕਤੰਤਰ ਲਈ ਦੁਖਦਾਈ ਦਿਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, 'ਭਾਰਤ ਵਿੱਚ ਲੋਕਤੰਤਰ ਲਈ ਇਹ ਦੁਖਦਾਈ ਦਿਨ ਹੈ। ਰਾਹੁਲ ਗਾਂਧੀ ਨੂੰ ਅਯੋਗ ਕਰਾਰ ਦੇ ਕੇ ਮੋਦੀ ਸਰਕਾਰ ਹਰ ਥਾਂ ਭਾਰਤੀਆਂ ਦੀ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਖੋਹ ਰਹੀ ਹੈ।'