ਢਾਕਾ, 19 ਦਸੰਬਰ : ਬੰਗਲਾਦੇਸ਼ ਵਿਚ ਆਮ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਵਿਰੋਧੀ ਦਲ ਬੰਗਲਾਦੇਸ਼ੀ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਨੇ ਮੰਗਲਵਾਰ ਨੂੰ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ। ਵਿਰੋਧ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇਕ ਯਾਤਰੀ ਰੇਲਗੱਡੀ ਵਿਚ ਅੱਗ ਲਾ ਦਿੱਤੀ। ਇਸ ਵਿਚ ਇਕ ਔਰਤ ਅਤੇ ਉਸ ਦੇ ਨਾਬਾਲਿਗ ਬੇਟੇ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ। ਬੀਐੱਨਪੀ ਨੇ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਰੇਲ ਮੰਤਰੀ ਨੁਰੁਲ ਸੁਜਾਨ ਨੇ ਕਿਹਾ ਕਿ ਸ਼ਰਾਰਤੀ ਤੱਤਾਂ ਨੇ ਸਵੇਰੇ ਢਾਕਾ ਜਾਣ ਵਾਲੀ ਮੋਹਨਗੰਜ ਐਕਸਪ੍ਰੈੱਸ ਦੀਆਂ ਤਿੰਨ ਬੋਗੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ ’ਤੇ ਰੇਲਵੇ ਦੀਆਂ ਪੱਟੜੀਆਂ ਵੀ ਪੁੱਟ ਦਿੱਤੀਆਂ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਸਟੇਸ਼ਨ ਤੋਂ ਰੇਲਗੱਡੀ ਨਿਕਲਣ ਤੋਂ ਬਾਅਦ ਯਾਤਰੀਆਂ ਨੇ ਅੱਗ ਦੇਖੀ। ਰੇਲਗੱਡੀ ਅਗਲੇ ਪੜਾਅ ਤੇਜਗਾਂਵ ਸਟੇਸ਼ਨ ’ਤੇ ਰੋਕ ਦਿੱਤੀ ਗਈ। ਤੇਜਗਾਂਵ ਵਿਚ ਫਾਇਰ ਬਿ੍ਰਗੇਡ ਨੇ ਅੱਗ ਬੁਝਾਈ ਅਤੇ ਬੋਗੀਆਂ ਵਿਚੋਂ ਚਾਰ ਲਾਸ਼ਾਂ ਕੱਢੀਆਂ। ਦੋ ਮਿ੍ਰਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਇਕ ਹੋਰ ਨਾਬਾਲਿਗ ਲੜਕਾ ਲਾਪਤਾ ਹੈ। ਉਸ ਦੀ ਮਾਂ ਸੜੇ ਹੋਏ ਡੱਬੇ ਸਾਹਮਣੇ ਬੇਟੇ ਦਾ ਇੰਤਜ਼ਾਰ ਕਰ ਰਹੀ ਸੀ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀ ਘਟਨਾ ਪਿਛਲੇ ਮਹੀਨੇ ਵੀ ਹੋਈ ਸੀ। ਇਹ ਪੰਜਵੀਂ ਘਟਨਾ ਹੈ, ਜਦੋਂ ਰੇਲਗੱਡੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਕਿ ਲੋਕਾਂ ਨੂੰ ਮਾਰ ਕੇ ਕੁਝ ਨਹੀਂ ਮਿਲੇਗਾ। ਵਿਰੋਧੀ ਧਿਰ ਸਾੜ ਫੂਕ ਤੇ ਹਿੰਸਾ ਨਾਲ ਸਰਕਾਰ ਨੂੰ ਹਟਾ ਨਹੀਂ ਸਕਦੀ। ਸਿਆਸੀ ਹਿੰਸਾ ਨੂੰ ਰੋਕਣ ਲਈ 29 ਦਸੰਬਰ ਤੋਂ ਦੇਸ਼ ਭਰ ਵਿਚ ਫ਼ੌਜ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਜਾਵੇਗਾ।