ਬਰੈਂਪਟਨ, 15 ਅਕਤੂਬਰ : ਚੰਗੇ ਭਵਿੱਖ ਲਈ ਪੜ੍ਹਾਈ ਕਰਨ ਲਈ ਕੈਨੇਡਾ ਵਿਖੇ ਗਏ ਪੰਜਾਬੀਆਂ ਦੀਆਂ ਰੋਜਾਨਾ ਹੀ ਮੌਤਾਂ ਹੋ ਜਾਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ, ਜੋ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਫਿਰ ਇੱਕ ਹੋਰ ਦੁੱਖਦਾਈ ਖਬਰ ਸਾਹਮਣੇ ਆਈ ਹੈ, ਕਿ ਇੱਕ ਪੰਜਾਬੀ ਨੌਜਵਾਨ ਲੜਕੀ ਜੋ ਤਕਰੀਬਨ ਦੋ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਆਈ ਸੀ ਦੀ ਮੌਤ ਹੋ ਜਾਣ ਦੀ ਖਬਰ ਹੈ। ਮ੍ਰਿਤਕਾਂ ਦੀ ਪਹਿਚਾਣ ਦਿਲਪ੍ਰੀਤ ਕੌਰ ਵਜੋਂ ਹੋਈ ਹੈ। ਮੌਤ ਦੇ ਕਾਰਨਾਂ ਦਾ ਹਾਲੇ ਕੁੱਝ ਨਹੀਂ ਪਤਾ ਲੱਗਾ, ਪਰ ਦਿਲਪ੍ਰੀਤ ਕੌਰ ਦੀ ਹੋਈ ਮੌਤ ਕਾਰਨ ਉਸਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਦਿਲਪ੍ਰੀਤ ਕੌਰ ਪੁੱਤਰੀ ਸਵ. ਜੋਗਿੰਦਰ ਸਿੰਘ ਪਿੰਡ ਕੁਰੜ (ਬਰਨਾਲਾ) ਦੀ ਵਾਸੀ ਸੀ। ਮ੍ਰਿਤਕ ਲੜਕੀ ਦੀ ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਉਸ ਦੀ ਲੜਕੀ ਦਿਲਪ੍ਰੀਤ ਕੌਰ ਨੇ +2 ਕਰਨ ਤੋਂ ਬਾਅਦ ਆਈਲੈਟਸ ਦੀ ਪ੍ਰੀਖਿਆ ਪਾਸ ਕੀਤੀ ਸੀ। 22 ਅਗਸਤ 2020 ਨੂੰ ਉਸ ਦਾ ਵਿਆਹ ਜਗਤਾਰ ਸਿੰਘ ਪੁੱਤਰ ਬਲਵੀਰ ਸਿੰਘ ਨਾਲ ਹੋਇਆ। ਇਸ ਤੋਂ ਬਾਅਦ 17 ਸਤੰਬਰ 2021 ਨੂੰ ਉਹ ਸਟੱਡੀ ਵੀਜ਼ਾ ਰਾਹੀਂ ਉੱਚ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਦੇ ਬਰੈਂਪਟਨ ਚਲੀ ਗਈ। ਉਹ ਕੁਝ ਸਮਾਂ ਪਹਿਲਾਂ ਪੰਜਾਬ ਆਈ ਸੀ। ਮਾਂ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਬੇਟੀ ਦਾ ਫੋਨ ਆਇਆ, ਉਦੋਂ ਸਭ ਠੀਕ ਸੀ। ਇਸ ਤੋਂ ਬਾਅਦ ਜਦੋਂ ਉਸ ਦੀ ਸਿਹਤ ਅਚਾਨਕ ਵਿਗੜ ਗਈ ਤਾਂ ਉਸ ਦਾ ਜਵਾਈ ਉਸ ਨੂੰ ਹਸਪਤਾਲ ਲੈ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਲੜਕੀ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦੀ ਲਾਸ਼ ਨੂੰ ਪੰਜਾਬ ਲਿਆਉਣ ਲਈ ਉਥੋਂ ਦੇ ਡਾਕਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।