ਨਿਊਯਾਰਕ, 23 ਨਵੰਬਰ : ਨਿਊਯਾਰਕ ਦੇ ਨਿਆਗਰਾ ਫਾਲਜ਼ 'ਚ ਅਮਰੀਕਾ ਅਤੇ ਕੈਨੇਡਾ ਨੂੰ ਜੋੜਨ ਵਾਲੇ ਰੇਨਬੋ ਬ੍ਰਿਜ 'ਤੇ ਬੁਧਵਾਰ ਨੂੰ ਹਾਦਸਾ ਵਾਪਰ ਗਿਆ। ਤੇਜ਼ ਰਫਤਾਰ ਕਾਰ ਇਕ ਟੋਲ ਬੂਥ ਨਾਲ ਟਕਰਾ ਗਈ ਅਤੇ ਇਸ ਦੌਰਾਨ ਬਿਆਨਕ ਅੱਗ ਲੱਗ ਗਈ। ਕਾਰ ਵਿਚ ਮੌਜੂਦ ਦੋ ਲੋਕਾਂ ਦੀ ਮੌਤ ਹੋ ਗਈ। ਸਰਹੱਦ 'ਤੇ ਮੌਜੂਦ ਇਕ ਸੁਰੱਖਿਆ ਗਾਰਡ ਜ਼ਖ਼ਮੀ ਹੋ ਗਿਆ। ਨਿਆਗਰਾ ਫਾਲਜ਼ ਦੇ ਮੇਅਰ ਦਫਤਰ ਮੁਤਾਬਕ ਇਹ ਗੱਡੀ ਅਮਰੀਕਾ ਤੋਂ ਕੈਨੇਡਾ ਜਾ ਰਹੀ ਸੀ। ਇਸ ਘਟਨਾ ਤੋਂ ਬਾਅਦ ਨਿਆਗਰਾ ਫਾਲਜ਼ 'ਤੇ ਦੋਵਾਂ ਦੇਸ਼ਾਂ ਨੂੰ ਜੋੜਨ ਵਾਲੇ ਸਾਰੇ ਚਾਰੇ ਪੁਲ ਬੰਦ ਕਰ ਦਿਤੇ ਗਏ। ਨਿਊਯਾਰਕ ਤੋਂ ਕੈਨੇਡਾ ਨੂੰ ਜੋੜਨ ਵਾਲੀ ਰੇਲ ਲਾਈਨ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿਤਾ ਗਿਆ ਸੀ। ਕਾਰ ਧਮਾਕੇ ਤੋਂ ਬਾਅਦ ਅਮਰੀਕੀ ਮੀਡੀਆ 'ਚ ਖ਼ਬਰ ਆਈ ਸੀ ਕਿ ਇਹ ਅਤਿਵਾਦੀ ਹਮਲਾ ਹੋ ਸਕਦਾ ਹੈ। ਹਾਲਾਂਕਿ, ਨਿਊਯਾਰਕ ਦੀ ਗਵਰਨਰ ਕੈਥੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ - ਪੁਲ 'ਤੇ ਹੋਏ ਹਾਦਸੇ 'ਚ ਕਿਸੇ ਤਰ੍ਹਾਂ ਦੇ ਅਤਿਵਾਦੀ ਹਮਲੇ ਦਾ ਕੋਈ ਸੰਕੇਤ ਨਹੀਂ ਹੈ। ਇਹ ਸਿਰਫ਼ ਇਕ ਹਾਦਸਾ ਹੈ, ਹਾਲਾਂਕਿ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਜਾਂਚ ਕਰ ਰਿਹਾ ਹੈ। ਸਥਾਨਕ ਅਧਿਕਾਰੀਆਂ ਨੇ ਦਸਿਆ ਕਿ ਰਾਜ ਏਜੰਸੀਆਂ ਮੌਕੇ 'ਤੇ ਹਨ। ਇਸ ਘਟਨਾ ਕਾਰਨ ਪੱਛਮੀ ਨਿਊਯਾਰਕ ਵਿਚ ਅਮਰੀਕਾ ਅਤੇ ਕੈਨੇਡਾ ਵਿਚਾਲੇ ਸਾਰੇ ਚਾਰ ਅੰਤਰਰਾਸ਼ਟਰੀ ਸਰਹੱਦੀ ਲਾਂਘੇ ਬੰਦ ਕਰ ਦਿਤੇ ਗਏ ਹਨ। ਰੇਨਬੋ ਬ੍ਰਿਜ ਤੋਂ ਇਲਾਵਾ, ਇਨ੍ਹਾਂ ਵਿਚ ਲੇਵਿਸਟਨ, ਵਰਲਪੂਲ ਅਤੇ ਪੀਸ ਬ੍ਰਿਜ ਸ਼ਾਮਲ ਸਨ। ਬਾਅਦ ਵਿਚ ਰੇਨਬੋ ਬ੍ਰਿਜ ਨੂੰ ਛੱਡ ਕੇ ਬਾਕੀ ਸਾਰੇ ਖੋਲ੍ਹ ਦਿਤੇ ਗਏ।