ਬੀਜਿੰਗ, 03 ਸਤੰਬਰ 2024 : ਚੀਨ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਪੂਰਬੀ ਚੀਨ ਦੇ ਸ਼ਾਨਡੋਂਗ ਸੂਬੇ 'ਚ ਸਕੂਲ ਦੇ ਗੇਟ 'ਤੇ ਵਿਦਿਆਰਥੀਆਂ ਦੀ ਭੀੜ 'ਤੇ ਬੱਸ ਚੜ੍ਹ ਜਾਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਤਾਈਆਨ ਸ਼ਹਿਰ ਵਿੱਚ ਵਿਦਿਆਰਥੀਆਂ ਨੂੰ ਲਿਜਾਣ ਲਈ ਕਿਰਾਏ 'ਤੇ ਲਈ ਗਈ ਬੱਸ ਨੇ ਕੰਟਰੋਲ ਗੁਆ ਦਿੱਤਾ ਅਤੇ ਸਕੂਲ ਦੇ ਗੇਟ 'ਤੇ ਵਿਦਿਆਰਥੀਆਂ ਦੀ ਭੀੜ 'ਤੇ ਬੱਸ ਚੜ੍ਹਾ ਦਿੱਤੀ। ਪੁਲਿਸ ਨੇ ਦੱਸਿਆ ਕਿ 13 ਜ਼ਖ਼ਮੀਆਂ 'ਚੋਂ ਇਕ ਵਿਅਕਤੀ ਦੀ ਹਾਲਤ ਨਾਜ਼ੁਕ ਹੈ, ਜਦਕਿ ਬਾਕੀਆਂ ਦੀ ਹਾਲਤ ਸਥਿਰ ਹੈ। ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਦੱਸਿਆ ਕਿ ਬੱਸ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਘਟਨਾ ਦੁਰਘਟਨਾ ਸੀ ਜਾਂ ਬੱਚਿਆਂ 'ਤੇ ਜਾਣਬੁੱਝ ਕੇ ਕੀਤਾ ਗਿਆ ਹਮਲਾ। ਚੀਨ ਵਿੱਚ ਸਮਾਜ ਵਿਰੋਧੀ ਅਨਸਰਾਂ ਵੱਲੋਂ ਕਿੰਡਰਗਾਰਟਨ ਸਕੂਲਾਂ ਉੱਤੇ ਹਮਲੇ ਆਮ ਹਨ। ਜੂਨ ਵਿੱਚ ਇੱਕ ਵਿਅਕਤੀ ਨੇ ਜਿਆਂਗਸੂ ਸੂਬੇ ਵਿੱਚ ਇੱਕ ਸਕੂਲ ਬੱਸ ਸਟਾਪ ਉੱਤੇ ਹਮਲਾ ਕੀਤਾ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਮਾਰਚ ਵਿੱਚ, ਇੱਕ ਵਿਅਕਤੀ ਨੇ ਸ਼ੈਡੋਂਗ ਸੂਬੇ ਦੇ ਡੇਜ਼ੋ ਸ਼ਹਿਰ ਵਿੱਚ ਇੱਕ ਸਥਾਨਕ ਜੂਨੀਅਰ ਸਕੂਲ ਦੇ ਬਾਹਰ ਭੀੜ ਵਿੱਚ ਕਾਰ ਚੜ੍ਹਾ ਦਿੱਤੀ, ਜਿਸ ਵਿੱਚ ਦੋ ਪੈਦਲ ਯਾਤਰੀਆਂ ਦੀ ਮੌਤ ਹੋ ਗਈ ਅਤੇ ਛੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।