ਕੈਨੇਡਾ : ਸਰੀ ਦੀਆਂ ਮਿਉਂਸਪਲ ਚੋਣਾਂ ਵਿਚ ਵਿਚ ਬ੍ਰੈਂਡਾ ਲਾਕ ਮੇਅਰ ਚੁਣੀ ਗਈ ਹੈ। ਉਸ ਨੇ ਆਪਣੇ ਵਿਰੋਧੀ ਅਤੇ ਮੌਜੂਦਾ ਮੇਅਰ ਡੱਗ ਮੈਕੱਲਮ ਨੂੰ 973 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਕੱਲ੍ਹ ਹੋਈਆਂ ਇਨ੍ਹਾਂ ਚੋਣਾਂ ਵਿਚ ਬ੍ਰੈਂਡਾ ਲਾਕ ਨੂੰ 28 ਫੀਸਦੀ ਵੋਟਾਂ ਮਿਲੀਆਂ ਜਦੋਂ ਕਿ ਡੱਗ ਮੈਕੈਲਮ 27.3 ਫੀਸਦੀ ਵੋਟਾਂ ਹਾਸਲ ਕਰਕੇ ਦੂਜੇ ਸਥਾਨ ‘ਤੇ ਰਹੇ ਅਤੇ ਗੋਰਡੀ ਹੌਗ 21 ਫੀਸਦੀ ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ। ਪੰਜਾਬੀਆਂ ਦੀ ਵੱਡੀ ਵਸੋਂ ਵਾਲੇ ਸਰੀ ਸ਼ਹਿਰ ਵਿਚ ਮੇਅਰ ਦੀ ਚੋਣ ਲੜ ਰਹੇ ਚਾਰ ਪੰਜਾਬੀ ਉਮੀਦਵਾਰਾਂ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਐਮ.ਐਲ.ਏ. ਜਿੰਨੀ ਸਿਮਜ਼, ਅੰਮ੍ਰਿਤ ਬਿੜਿੰਗ ਅਤੇ ਕੁਲਦੀਪ ਪੇਲੀਆ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਿਰਫ ਤਿੰਨ ਪੰਜਾਬੀ ਹੈਰੀ ਬੈਂਸ, ਪਰਦੀਪ ਕੌਰ ਕੂਨਰ ਅਤੇ ਮਨਦੀਪ ਨਾਗਰਾ ਹੀ ਕੌਂਸਲਰ ਦੀ ਚੋਣ ਜਿੱਤਣ ਵਿਚ ਸਫਲ ਹੋਏ ਹਨ। ਬ੍ਰੈਂਡਾ ਲਾਕ ਦੀ ਸਲੇਟ ‘ਸਰੀ ਕਨੈਕਟ’ ਦੇ ਚਾਰ ਕੌਂਸਲਰ ਹੈਰੀ ਬੈਂਸ, ਗੋਰਡਨ ਹੈਪਨਰ, ਰੌਬ ਸਟੱਟ ਅਤੇ ਪਰਦੀਪ ਕੂਨਰ ਚੁਣੇ ਗਏ ਹਨ। ਇਨ੍ਹਾਂ ਤੋਂ ਇਲਾਵਾ ਲਿੰਡਾ ਐਨੀਸ, ਮਾਈਕ ਬੋਸ, ਅਤੇ ਸੇਫ ਸਰੀ ਕੋਲੀਸ਼ਨ ਦੇ ਡੱਗ ਐਲਫੋਰਡ ਅਤੇ ਮਨਦੀਪ ਨਾਗਰਾ ਕੌਂਸਲਰ ਚੁਣੇ ਗਏ ਹਨ। ਜਿੱਤ ਉਪਰੰਤ ਆਪਣੇ ਸਮੱਰਥਕਾਂ ਨੂੰ ਸੰਬੋਧਨ ਕਰਦਿਆਂ ਬ੍ਰੈਂਡਾ ਲਾਕ ਨੇ ਕਿਹਾ ਕਿ ਇਹ ਜਿੱਤ ਵੱਡੀ ਤਬਦੀਲੀ ਲਿਆਉਣ ਵਾਲੇ ਲੋਕਾਂ ਦੀ ਜਿੱਤ ਹੈ। ਹੁਣ ਸ਼ਹਿਰ ਵਿੱਚ ਜਨਤਕ ਸੁਰੱਖਿਆ, ਨੈਤਿਕਤਾ, ਵਿਕਾਸ ਅਤੇ ਆਵਾਜਾਈ ਲਈ ਇੱਕ ਵੱਡੀ ਤਬਦੀਲੀ ਲੋਕ ਦੇਖਣਗੇ। ਸਮੱਰਥਕਾਂ ਦੀਆਂ ਤਾੜੀਆਂ ਦੀ ਗੂੰਜ ਵਿਚ ਬ੍ਰੈਂਡਾ ਲਾਕ ਨੇ ਕਿਹਾ ਕਿ ਸਭ ਤੋਂ ਪਹਿਲਾਂ ਸਾਨੂੰ ਸਰੀ ਆਰਸੀਐਮਪੀ ਨੂੰ ਸਰੀ ਵਿੱਚ ਰੱਖਣਾ ਹੋਵੇਗਾ। ਜ਼ਿਕਰਯੋਗ ਹੈ ਕਿ ਬ੍ਰੈਂਡਾ ਲਾਕ ਸੇਫ ਸਰੀ ਗੱਠਜੋੜ ਤੋਂ ਟੁੱਟਣ ਤੋਂ ਪਹਿਲਾਂ ਮੇਅਰ ਡੱਗ ਮੈਕਲਮ ਦੇ ਨਾਲ ਕੌਂਸਲਰ ਵਜੋਂ ਚੁਣੀ ਗਈ ਸੀ, ਪਰ ਆਰਸੀਐਮਪੀ ਨੂੰ ਬਰਕਰਾਰ ਰੱਖਣ ਦੇ ਮੁੱਦੇ ‘ਤੇ ਉਹ ਡੱਗ ਮੈਕੈਲਮ ਦੇ ਸਭ ਤੋਂ ਸਖ਼ਤ ਆਲੋਚਕਾਂ ਵਿੱਚੋਂ ਇੱਕ ਬਣ ਗਈ ਸੀ।