ਕਰਾਚੀ, 27 ਸਤੰਬਰ : ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਇਕ ਘਰ ’ਤੇ ਰਾਕੇਟ ਲਾਂਚਰ ਦਾ ਗੋਲਾ ਫੱਟਣ ਨਾਲ ਇਕ ਹੀ ਪਰਿਵਾਰ ਦੇ ਚਾਰ ਬੱਚਿਆਂ ਸਮੇਤ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ। ਜਦੋਂ ਬੱਚੇ ਗੋਲਾ-ਬਾਰੂਦ ਦੇ ਨਾਲ ਖੇਡ ਰਹੇ ਸਨ। ਇਸ ਦੀ ਜਾਣਕਾਰੀ ਪੁਲਿਸ ਨੇ ਬੁੱਧਵਾਰ ਨੂੰ ਦਿੱਤੀ। ਕਸ਼ਮੋਰ-ਕੰਧਕੋਟ ਦੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਰੋਹਿਲ ਖੋਸਾ ਨੇ ਦੱਸਿਆ ਕਿ ਬੱਚਿਆਂ ਨੂੰ ਜ਼ਮੀਨ 'ਤੇ ਖੇਡਦੇ ਹੋਏ ਇੱਕ ਰਾਕੇਟ ਦਾ ਗੋਲਾ ਮਿਲਿਆ ਤੇ ਇਸਨੂੰ ਘਰ ਲੈ ਆਏ ਜਿੱਥੇ ਇਹ ਫਟ ਗਿਆ, ਜਿਸ ਨਾਲ ਇੱਕੋ ਪਰਿਵਾਰ ਦੇ ਚਾਰ ਬੱਚਿਆਂ, ਦੋ ਔਰਤਾਂ ਤੇ ਇੱਕ ਆਦਮੀ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ। ਐਸਐਸਪੀ ਨੇ ਕਿਹਾ ਕਿ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੰਧਕੋਟ ਸਿਵਲ ਹਸਪਤਾਲ ਵਿੱਚ "ਐਮਰਜੈਂਸੀ" ਘੋਸ਼ਿਤ ਕਰ ਦਿੱਤੀ ਗਈ ਹੈ। ਡਾਨ ਨਿਊਜ਼ ਦੀ ਰਿਪੋਰਟ ਅਨੁਸਾਰ, ਸਿੰਧ ਦੇ ਮੁੱਖ ਮੰਤਰੀ ਨਿਆਂਮੂਰਤੀ ਮਕਬੂਲ ਬਾਕਰ ਨੇ ਸੂਬਾਈ ਮਹਾਨਿਰੀਖਣ ਤੋਂ ਰਿਪੋਰਟ ਮੰਗੀ ਹੈ ਕਿ ਇੱਕ ਰਾਕੇਟ ਲਾਂਚਰ ਸੂਬਾ ਦੇ ਕਸ਼ਮੋਰ ਜ਼ਿਲ੍ਹੇ ਦੇ ਕੰਧਕੋਟ ਤਹਸੀਲ ਦੇ ਜਾਂਗੀ ਸੁਬਜਵਾਈ ਗੋਥ ਪਿੰਡ ਤਕ ਕਿਵੇਂ ਪਹੁੰਚ ਗਿਆ। ਉਨ੍ਹਾਂ ਸਵਾਲ ਕੀਤਾ ਕਿ ਕੀ ਕੱਚੇ ਇਲਾਕਿਆਂ ਵਿੱਚ ਹਥਿਆਰਾਂ ਦੀ ਤਸਕਰੀ ਕੀਤੀ ਜਾ ਰਹੀ ਹੈ? ਕੀ ਪਿੰਡ ਵਿੱਚ ਡਾਕੂਆਂ ਦੇ ਸਮਰਥਕ ਮੌਜੂਦ ਹਨ? ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ, ਬਾਕਰ ਨੇ ਇੰਸਪੈਕਟਰ ਜਨਰਲ ਨੂੰ ਘਟਨਾ ਦੀ "ਵਿਸਤ੍ਰਿਤ ਰਿਪੋਰਟ" ਪੇਸ਼ ਕਰਨ ਦੇ ਨਿਰਦੇਸ਼ ਦਿੱਤੇ।